ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਨਵੰਬਰ
ਇੱਥੇ ਇਲਾਕਾ ਨਿਵਾਸੀਆਂ ਵੱਲੋਂ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਅਸਥਾਨ (ਸ੍ਰੀ ਕਲਗੀਧਰ ਸਿੰਘ ਸਭਾ) ਤੋਂ ਆਰੰਭ ਹੋਇਆ। ਇਸ ਮੌਕੇ ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ। ਨਗਰ ਕੀਰਤਨ ’ਚ ਪਾਲਕੀ ਸਾਹਿਬ ਦੇ ਮੂਹਰੇ ਬੀਬੀਆਂ ਨੇ ਸੜਕ ’ਤੇ ਝਾੜੂ ਮਾਰਨ ਦੀ ਸੇਵਾ ਕੀਤੀ ਤੇ ਰਾਹ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਜਗ੍ਹਾ-ਜਗ੍ਹਾ ‘ਤੇ ਭਾਂਤ-ਭਾਂਤ ਦੇ ਲੰਗਰ ਲਗਾ ਕੇ ਸ਼ਹਿਰ ਵਾਸੀਆਂ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ। ਇਸ ਮੌਕੇ ਗਤਕਾ ਟੀਮ ਦੇ ਨੌਜਵਾਨਾਂ ਨੇ ਖਾਲਸਾਈ ਜਾਹੋ-ਜਲਾਲ ਦੇ ਬਾਖੂਬੀ ਜੌਹਰ ਵਿਖਾਏ। ਇਸ ਮੌਕੇ ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ, ਆਪ ਦੇ ਸਿਰਸਾ ਲੋਕ ਸਭਾ ਇੰਚਾਰਜ ਕੁਲਦੀਪ ਗਦਰਾਨਾ ਅਤੇ ਜਜਪਾ ਦੇ ਯੁਵਾ ਆਗੂ ਮਨਰੀਤ ਸਿੰਘ ਮਸੀਤਾਂ ਨੇ ਵੀ ਨਗਰ ਕੀਰਤਨ ‘ਚ ਹਾਜ਼ਰੀ ਲਗਵਾਈ। ਵਿਧਾਇਕ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ। ਗੁਰੂ ਘਰ ਕਮੇਟੀ ਵੱਲੋਂ ਵਿਧਾਇਕ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਮੈਂਬਰ ਪਰਮਜੀਤ ਸਿੰਘ ਮਾਖਾ, ਸਥਾਨਕ ਗੁਰੂਘਰ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਮਾਨ ਤੇ ਹਰਕੀਰਤ ਸਿੰਘ, ਜਸਵੰਤ ਸਿੰਘ ਲਾਲ, ਸੁਖਵਿੰਦਰ ਸਿੰਘ ਚੰਦੀ, ਬਲਕਰਨ ਸਿੰਘ, ਸੁਖਵਿੰਦਰ ਸਿੰਘ ਕਾਕਾ ਪ੍ਰਧਾਨ ਮੌਜੂਦ ਸਨ।
ਮਾਨਸਾ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਗੱਤਕਾ ਪਾਰਟੀਆਂ, ਬੱਚਿਆਂ ਅਤੇ ਕੀਰਤਨ ਜਥੇ ਨੇ ਹਿੱਸਾ ਲਿਆ। ਇਸ ਦੌਰਾਨ ਗੱਤਕਾ ਪਾਰਟੀ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਨਗਰ ਕੀਰਤਨ ਦਾ ਥਾਂ-ਥਾਂ ’ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਵੱਖ ਵੱਖ ਬਜਾਰਾਂ ਵਿੱਚੋਂ ਦੀ ਹੁੰਦਾ ਹੋਇਆ ਗੁਰੂਦੁਆਰਾ ਸਾਹਿਬ ਪੁੱਜਿਆ।
ਸ਼ਹਿਣਾ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ਼ਹਿਣਾ ਦੇ ਮੇਨ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚੋਂ ਦੀ ਲੰਘਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਢਾਡੀ ਜਥੇ ਵੱਲੋਂ ਗੁਰਬਾਣੀ ਜਸ ਗਾਇਆ ਅਤੇ ਵਾਰਾਂ ਪੇਸ਼ ਕੀਤੀਆਂ ਗਈਆਂ। ਰਾਗੀ, ਢਾਡੀ ਜੱਥਿਆਂ ਨੇ ਗੁਰਬਾਣੀ ਜਸ ਗਾਇਆ। ਨਗਰ ਕੀਰਤਨ ਨੂੰ ਲੈ ਕੇ ਵੱਖ ਵੱਢ ਪੜ੍ਹਾਵਾਂ ’ਤੇ ਚਾਹ, ਪਾਣੀ, ਪਕੌੜਿਆਂ ਦੇ ਲੰਗਰ ਲਾਏ ਗਏ। ਨਗਰ ਕੀਰਤਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਬਾਡੀ ਬਿਲਡਰਜ਼, ਬਾਬਾ ਨਗਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ। ਬਾਬਾ ਨਿਰਮਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਦੇ ਆਗਮਨ ਦਿਵਸ ਨੂੰ ਲੈ ਕੇ 27 ਨਵੰਬਰ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ।