ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਐੱਨਪੀ ਧਵਨ
ਪਠਾਨਕੋਟ, 3 ਅਪਰੈਲ
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਮੈਨੇਜਰ ਸਤਨਾਮ ਸਿੰਘ ਗੋਸਲ ਦੀ ਦੇਖ-ਰੇਖ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਅਰਦਾਸ ਕਰਨ ਬਾਅਦ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ ਤੋਂ ਸ਼ੁਰੂ ਹੋਇਆ। ਇਸ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਵਾਗਤ ਕੀਤਾ ਅਤੇ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ। ਬਾਅਦ ਵਿੱਚ ਨਗਰ ਕੀਰਤਨ ਦਾ ਪਠਾਨਕੋਟ ਪੁੱਜਣ ’ਤੇ ਸੰਗਤ ਵੱਲੋਂ ਧੂਮਧਾਮ ਨਾਲ ਸਵਾਗਤ ਕੀਤਾ ਗਿਆ।
ਨਗਰ ਕੀਰਤਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਸਿੰਘ ਮਿੰਟੂ ਕਨਵਰ, ਰਾਜ ਕੁਮਾਰ ਗੁਪਤਾ (ਬਿੱਟੂ ਪ੍ਰਧਾਨ), ਸਰਬੱਤ ਖਾਲਸਾ ਦੇ ਆਗੂ ਗੁਰਦੀਪ ਸਿੰਘ ਮੀਰਪੁਰੀ, ਗੁਰਦੁਆਰਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ, ਪ੍ਰਧਾਨ ਗੁਰਨਾਮ ਸਿੰਘ ਛੀਨਾ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਆਦਿ ਆਗੂ ਸ਼ਾਮਲ ਸਨ ਜੋ ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਸਨ। ਮੋਟਰਸਾਈਕਲਾਂ ਅਤੇ ਸਕੂਟਰਾਂ ਉਪਰ ਸਵਾਰ ਕੇਸਰੀ ਦਸਤਾਰਾਂ ਨਾਲ ਸਜੇ ਨੌਜਵਾਨਾਂ ਦਾ ਜਥਾ ਨਗਰ ਕੀਰਤਨ ਦਾ ਮਾਰਗ ਦਰਸ਼ਨ ਕਰ ਰਿਹਾ ਸੀ ਤੇ ਪਿੱਛੇ ਜਥੇਦਾਰ ਕੇਸਰ ਸਿੰਘ ਦੀ ਗਤਕਾ ਪਾਰਟੀ ਸਮੇਤ ਹੋਰ ਪਾਰਟੀਆਂ ਗਤਕੇ ਦੇ ਜੌਹਰ ਦਿਖਾਉਂਦੀਆਂ ਚੱਲ ਰਹੀਆਂ ਸਨ।