For the best experience, open
https://m.punjabitribuneonline.com
on your mobile browser.
Advertisement

ਸਰੀ ਵਿੱਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

08:14 AM Apr 22, 2024 IST
ਸਰੀ ਵਿੱਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 21 ਅਪਰੈਲ
ਸਰੀ ਵਿੱਚ ਵਿਸਾਖੀ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿੱਚ ਇਸ ਵਾਰ ਛੇ ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਕੇਸਰੀ ਰੰਗ ’ਚ ਰੰਗੇ ਹੋਣ ਦੇ ਅਹਿਸਾਸ ਨਾਲ ਸ਼ਹਿਰ ਦੀ ਫਿਜ਼ਾ ਵਿੱਚ ਗੁਰਬਾਣੀ ਦਾ ਰਸ ਘੁਲਦਾ ਰਿਹਾ। ਧਾਰਮਿਕ ਮਾਨਤਾਵਾਂ ਦੀ ਪਰਵਾਹ ਕੀਤੇ ਬਗੈਰ ਹੋਰ ਧਰਮਾਂ ਤੇ ਫ਼ਿਰਕਿਆਂ (ਗੋਰੇ, ਸਿਆਹ ਕਾਲੇ, ਚੀਨੇ, ਫਿਲਪੀਨੇ, ਹਿੰਦੂ ਤੇ ਮੁਸਲਿਮ) ਦੇ ਲੋਕਾਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ। ਕਈ ਰਾਜਸੀ ਆਗੂਆਂ ਨੇ ਵੀ ਹਾਜ਼ਰੀ ਭਰੀ ਤੇ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਤੋਂ ਅਰਦਾਸ ਕਰਨ ਮਗਰੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਫ਼ੌਜੀ ਦਸਤੇ ਵੱਲੋਂ ਸਲਾਮੀ ਦਿੱਤੀ ਗਈ ਤੇ ਬੈਂਡ ਦੀਆਂ ਧੁਨਾਂ ਨਾਲ ਸਵਾਗਤ ਕੀਤਾ ਗਿਆ। ਮਨਮੋਹਕ ਢੰਗ ਨਾਲ ਸਜਾਏ ਗਏ ਵਾਹਨ (ਫਲੋਟ) ਵਿੱਚ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜਿਨ੍ਹਾਂ ਤੋਂ ਅੱਗੇ ਗਤਕਾ ਪਾਰਟੀਆਂ ਆਪਣੇ ਜੌਹਰ ਦਿਖਾ ਰਹੀਆਂ ਸੀ। ਇਹ ਨਗਰ ਕੀਰਤਨ ਸ਼ਾਮ ਪੰਜ ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਪੁਲੀਸ, ਸਿਹਤ ਵਿਭਾਗ, ਮਿਉਂਸਿਪੈਲਿਟੀ ਤੇ ਹੋਰ ਵਿਭਾਗਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ। ਇਸ ਦੌਰਾਨ 76 ਐਵੇਨਿਊ ਤੇ 128 ਸਟਰੀਟ ਨੂੰ ਜੋੜਦੇ ਐਨਵਿਲ ਵੇਅ ’ਤੇ ਕਿਸੇ ਮਸ਼ੀਨ ਦੇ ਬਿਜਲੀ ਤਾਰਾਂ ’ਚ ਟਕਰਾ ਜਾਣ ਕਾਰਨ ਪੈਦਾ ਹੋਏ ਖ਼ਤਰੇ ਤੋਂ ਬਚਾਅ ਲਈ ਨਗਰ ਕੀਰਤਨ ਨੂੰ ਥੋੜ੍ਹੀ ਦੇਰ ਲਈ ਰੋਕਿਆ ਗਿਆ। ਸਾਰੇ ਰਸਤੇ ਸ਼ਰਧਾਲੂਆਂ ਵੱਲੋਂ ਸਵਾਦੀ ਪਕਵਾਨਾਂ, ਫ਼ਲਾਂ ਤੇ ਤਾਜ਼ੇ ਰਸ ਦੇ ਲੰਗਰ ਲਾਏ ਗਏ ਸਨ। ਵਪਾਰਕ ਅਦਾਰਿਆਂ ਵੱਲੋਂ ਦੋਵੇਂ ਪਾਸਿਆਂ ’ਤੇ ਸਟੇਜਾਂ ਸਜਾਈਆਂ ਗਈਆਂ, ਜਿੱਥੋਂ ਗੁਰਬਾਣੀ ਦੇ ਰਸਭਿੰਨੇ ਪ੍ਰਵਾਹ ਦੇ ਨਾਲ-ਨਾਲ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਦੀ ਰਿਕਾਰਡ ਗਿਣਤੀ ਛੇ ਲੱਖ ਤੋਂ ਵੱਧ ਦੱਸੀ ਜਾ ਰਹੀ ਹੈ, ਪਰ ਰਾਇਲ ਕੈਨੇਡੀਅਨ ਮੌਂਟਿਡ ਪੁਲੀਸ ਵੱਲੋਂ ਸਾਢੇ ਪੰਜ ਲੱਖ ਸ਼ਰਧਾਲੂਆਂ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਦੌਰਾਨ ਅਮਰੀਕਾ ਤੇ ਕੈਨੇਡਾ ਦੇ ਦੂਜੇ ਸੂਬਿਆਂ ਤੋਂ ਲੋਕ ਵਿਸ਼ੇਸ਼ ਤੌਰ ’ਤੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਪਹੁੰਚੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕਈ ਸੂਬਿਆਂ ਵਿੱਚ ਅਪਰੈਲ ਮਹੀਨੇ ਨੂੰ ‘ਖਾਲਸਾ ਹੈਰੀਟੇਜ ਮਹੀਨੇ’ ਵਜੋਂ ਮਾਨਤਾ ਦਿੱਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×