ਪੰਜਾਬੀ ਮਾਹ ਨੂੰ ਸਮਰਪਿਤ ਲੋਕ ਗਾਇਕੀ ਸਮਾਗਮ ਕਰਵਾਇਆ
ਪੱਤਰ ਪ੍ਰੇਰਕ
ਪਠਾਨਕੋਟ, 11 ਨਵੰਬਰ
ਪੰਜਾਬ ਸਰਕਾਰ ਵੱਲੋਂ ਨਵੰਬਰ ਦੇ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਦੀ ਅਗਵਾਈ ਵਿੱਚ ਲੋਕ ਗਾਇਕੀ ਸਮਾਗਮ ਇੱਥੇ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ। ਇਹ ਸਮਗਾਮ ਲੋਕ ਗਾਇਕੀ ਦੇ ਰੰਗ ਵਿੱਚ ਰੰਗਿਆ ਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਸਮਾਗਮ ਸੀ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਜਦ ਕਿ ਐੱਸਡੀਐੱਮ ਮੇਜਰ ਡਾ. ਸੁਮਿਤ ਮੁਧ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਸਮਾਗਮ ਵਿੱਚ 25 ਲੋਕ ਗਾਇਕਾਂ ਦੇ ਫ਼ਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ ਅਤੇ ਦਰਸ਼ਕ ਕੀਲੇ ਗਏ। ਇਸ ਦੌਰਾਨ ਪੰਜਾਬੀ ਭਾਸ਼ਾ ਦੀ ਸੇਵਾ ਲਈ ਜੁਟੇ ਹੋਏ ਵਿਦਵਾਨ ਡਾ. ਸੁਖਵਿੰਦਰ ਸਿੰਘ ਨੂੰ, ਸਾਹਿਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸਾਹਿਤਕਾਰ ਸੈਲੀ ਬਲਜੀਤ ਨੂੰ, ਲੋਕ ਗਾਇਕੀ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰੋਫੈਸਰ ਅਲਮਸਤ ਸੋਨੂੰ, ਪ੍ਰੋਫੈਸਰ ਹਿਤੇਸ਼ ਕੁਮਾਰ, ਰਾਮ ਸਿੰਘ, ਸੁਪਨੰਦਨ ਦੀਪ ਕੌਰ ਅਤੇ ਜੈ ਸਿੰਘ ਨੂੰ ਫੁਲਕਾਰੀਆਂ ਤੇ ਸਨਮਾਨ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਲੋਕ ਗਾਇਕੀ ਦੇ ਰੰਗ ਵਿੱਚ ਰੰਗਣ ਵਾਲੇ ਗਾਇਕਾਂ ਵਿੱਚ ਰਵਨੀਤ ਔਲਖ, ਭਾਰਤੀ ਤੇ ਨਿਤਿਕਾ ਭੈਣਾਂ, ਹਰਪਿੰਦਰ ਸੰਨਿਆਲ, ਵਿਵੇਕ, ਪਲਕ ਸਹੋਤਾ, ਸੁਰਜੀਤ ਕੁਮਾਰ, ਅਭਿਸ਼ੇਕ, ਸਪਨਾ, ਕਮਲ ਕਿਸ਼ੋਰ, ਮਨਪ੍ਰੀਤ, ਚਾਹਤ ਗੁਲੇਰੀਆ, ਚਾਹਤ ਮਹਾਜਨ, ਜੱਗੀ ਠਾਕੁਰ ਤੋਂ ਇਲਾਵਾ ਰਾਮ ਸਿੰਘ, ਸੁਪਨੰਦਨ ਦੀਪ ਕੌਰ, ਜੈ ਸਿੰਘ, ਪ੍ਰੋਫੈਸਰ ਅਲਮਸਤ ਸੋਨੂੰ ਹੋਰਾਂ ਨੇ ਹਾਜ਼ਰੀ ਭਰੀ।