ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ
ਬੀਐੱਸ ਚਾਨਾ
ਕੀਰਤਪੁਰ ਸਾਹਿਬ/ ਸ੍ਰੀ ਆਨੰਦਪੁਰ ਸਾਹਿਬ, 2 ਨਵੰਬਰ
ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਫਤਿਹਪੁਰ ਬੁੰਗਾ ਵਿੱਚ ਸਥਿਤ ਬਾਬਾ ਵਿਸ਼ਵਕਰਮਾ ਮੰਦਰ ਵਿੱਚ ਮੰਦਿਰ ਕਮੇਟੀ ਵੱਲੋਂ 40ਵਾਂ ਸਲਾਨਾ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕਮੇਟੀ ਵੱਲੋਂ ਸਭ ਤੋਂ ਪਹਿਲਾ ਹਵਨ ਪਾਠ ਪੂਜਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ।
ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਵਿੱਚ ਵਿਸ਼ਵਕਰਮਾ ਮੰਦਰ ਵਿੱਚ ਰੱਖੇ ਗਏ ਸਾਲਾਨਾ ਸਮਾਗਮ ਵਿੱਚ ਮੰਤਰੀ ਬੈਂਸ ਨੇ ਸ਼ਿਰਕਤ ਕੀਤੀ ਤੇ ਇਸ ਮੰਦਰ ਕਮੇਟੀ ਨੂੰ ਮੰਦਰ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਵੀ ਕੀਤਾ। ਖਮਾਣੋਂ (ਜਗਜੀਤ ਕੁਮਾਰ): ਰਾਮਗੜ੍ਹੀਆ ਸਭਾ ਤੇ ਸਮੂਹ ਵਿਸ਼ਵਕਰਮਾ ਭਾਈਚਾਰੇ ਖਮਾਣੋਂ ਵਲੋਂ ਗਿਆਨ ਵਿਗਿਆਨ ਦੇ ਜਨਮ ਦਾਤਾ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਸਾਲਾਨਾ ਉਤਸਵ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਭਾਈ ਮੰਗਲ ਸਿੰਘ ਖਮਾਣੋਂ ਦੇ ਕੀਰਤਨੀ ਜੱਥੇ ਵਲੋਂ ਸ੍ਰੀ ਵਿਸ਼ਵਕਰਮਾ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਪ੍ਰੇਰਿਤ ਕੀਤਾ।
ਮੁਹਾਲੀ ’ਚ ਕੀਰਤਨ ਸਮਾਗਮ ਤੇ ਢਾਡੀ ਦਰਬਾਰ
ਐਸ.ਏ.ਐਸ. ਨਗਰ (ਮੁਹਾਲੀ)(ਦਰਸ਼ਨ ਸਿੰਘ ਸੋਢੀ): ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਮੁਹਾਲੀ ਵੱਲੋਂ ਲੋਕ ਕਲਿਆਣ ਕੇਂਦਰ, ਰਾਮਗੜ੍ਹੀਆ ਸਭਾ ਮੁਹਾਲੀ, ਭਾਈ ਲਾਲੋ ਸੁਸਾਇਟੀ ਮੁਹਾਲੀ ਅਤੇ ਦਸਮੇਸ਼ ਵੈੱਲਫੇਅਰ ਕੌਂਸਲ ਦੇ ਸਹਿਯੋਗ ਨਾਲ ਅੱਜ ਇੱਥੋਂ ਦੇ ਰਾਮਗੜ੍ਹੀਆ ਭਵਨ ਫੇਜ਼-3ਬੀ1 ਵਿੱਚ ਬਾਬਾ ਵਿਸ਼ਵਕਰਮਾ ਦਿਵਸ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਤੇ ਢਾਡੀ ਦਰਬਾਰ ਸਜਾਇਆ ਗਿਆ। ਸੋਖੀ ਟਿੰਬਰ ਐਂਡ ਪਲਾਈਵੁੱਡ ਦੇ ਕੁਲਵਿੰਦਰ ਸਿੰਘ ਸੋਖੀ ਨੇ ਮੁੱਖ ਮਹਿਮਾਨ ਸਨ ਜਦੋਂਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਚਮਕੌਰ ਸਾਹਿਬ ਵਿੱਚ ਵਿਸ਼ਵਕਰਮਾ ਦਿਵਸ ਮਨਾਇਆ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚਮਕੌਰ ਸਾਹਿਬ ਵਿਖੇ ਵਿਸ਼ਵਕਰਮਾ ਭਵਨ ਕਮੇਟੀ ਵਲੋਂ ਭਵਨ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨੀਏ ਜਥਿਆਂ ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ’ਤੇ ਪੁੱਜੇ ਅਕਾਲੀ ਦਲ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ , ਨਗਰ ਕੌਂਸਲ ਦੇ ਵਾਇਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ ਅਤੇ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਨੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕਮੇਟੀ ਵਲੋਂ ਇਸ ਮੌਕੇ ਲਗਾਏ ਖੂਨਦਾਨ ਕੈਂਪ ਦੌਰਾਨ ਰੂਪਨਗਰ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ 42 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਬਾਬਾ ਸੁਖਪਾਲ ਸਿੰਘ ਭੈਰੋਮਾਜਰਾ ਵਾਲਿਆ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਨ, ਕਸ਼ਮੀਰ ਸਿੰਘ, ਸਰਪੰਚ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਵਿੰਦਰ ਸਿੰਘ, ਮਲਾਗਰ ਸਿੰਘ ਖਮਾਣੋਂ, ਡਾ. ਰਾਜਪਾਲ ਚੌਧਰੀ, ਠੇਕੇਦਾਰ ਬਲਵਿੰਦਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਅਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।