ਸਰਕਾਰੀ ਮਲਟੀਪਰਪਜ਼ ਸਕੂਲ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ
ਪੱਤਰ ਪ੍ਰੇਰਕ
ਪਟਿਆਲਾ, 5 ਸਤੰਬਰ
68ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2024-25 ਦਾ ਕ੍ਰਿਕਟ ਅੰਡਰ-17 ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਮਲਟੀਪਰਪਜ਼ ਸਕੂਲ ਮਿਡਲ ਬ੍ਰਾਂਚ ਪੰਜਾਬੀ ਬਾਗ਼ ’ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਆਪਣੇ ਕੋਚ ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ ਅਤੇ ਗੁਰਦੀਪ ਸਿੰਘ ਦੀ ਅਗਵਾਈ ਹੇਠ ਭਾਗ ਲਿਆ। ਕ੍ਰਿਕਟ ਅੰਡਰ-17 ਲੜਕਿਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਨੇ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਸੋਨ, ਜ਼ੋਨ ਪਟਿਆਲਾ-3 ਦੀ ਟੀਮ ਨੇ ਚਾਂਦੀ ਅਤੇ ਜ਼ੋਨ ਪਟਿਆਲਾ-1 ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਸਤਵਿੰਦਰ ਸਿੰਘ ਨੇ ਕਿਹਾ ਕਿ ਜ਼ੋਨ ਪਟਿਆਲਾ-2 ਦੀ ਟੀਮ ਨੇ ਟੂਰਨਾਮੈਂਟ ਦੌਰਾਨ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਹਰ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਬਲਵਿੰਦਰ ਸਿੰਘ ਜੱਸਲ ਨੇ ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ, ਗੁਰਦੀਪ ਸਿੰਘ ਅਤੇ ਸਮੂਹ ਜ਼ੋਨ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।