ਪ੍ਰਗਤੀਸ਼ੀਲ ਲੇਖਕ ਸੰਘ ਤੇ ਭਾਸ਼ਾ ਵਿਭਾਗ ਵੱਲੋਂ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 4 ਸਤੰਬਰ
ਪ੍ਰਗਤੀਸ਼ੀਲ ਲੇਖਕ ਸੰਘ ਫ਼ਤਹਿਗੜ੍ਹ ਸਾਹਿਬ ਅਤੇ ਭਾਸ਼ਾ ਵਿਭਾਗ ਵੱਲੋਂ ਡਾਈਟ ਫ਼ਤਹਿਗੜ੍ਹ ਸਾਹਿਬ ਵਿਚ ਕਰਵਾਏ ਸਮਾਗਮ ਵਿੱਚ ਚਿੰਤਕ, ਨਾਟਕਕਾਰ ਅਤੇ ਡਾਈਟ ਫ਼ਤਹਿਗੜ੍ਹ ਸਾਹਿਬ ਵਿੱਚ ਪੰਜਾਬੀ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਡਾ. ਕੁਲਦੀਪ ਸਿੰਘ ਦੀਪ ਨੇ ਅਦੀਬਾਂ ਅਤੇ ਸਿਖਿਆਰਥੀ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਬੈਠਕ ਦੀ ਸਰਪ੍ਰਸਤੀ ਪ੍ਰੋ. ਅੱਛਰੂ ਸਿੰਘ ਅਤੇ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਜਗਜੀਤ ਸਿੰਘ ਅਤੇ ਪ੍ਰਲੇਸ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਕਰਨੈਲ ਸਿੰਘ ਵਜੀਰਾਬਾਦ ਨੇ ਕੀਤੀ।
ਇਸ ਦੌਰਾਨ ਡਾ. ਦੀਪ ਨੇ ਇੰਗਲੈਂਡ ਅਤੇ ਕੈਨੇਡਾ ਵਿੱਚ ਹੋਏ ਸਮਾਗਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪਰਵਾਸੀਆਂ ਵਿੱਚ ਪੰਜਾਬੀ ਪ੍ਰਤੀ ਹੇਰਵਾ ਹੈ ਅਤੇ ਉਹ ਪੰਜਾਬੀ ਨੂੰ ਅਗਲੀਆਂ ਪੀੜ੍ਹੀਆਂ ਤਕ ਲਿਜਾਣ ਲਈ ਯਤਨ ਕਰ ਰਹੇ ਹਨ ਪਰ ਤੀਜੀ ਜਾਂ ਚੌਥੀ ਪੀੜ੍ਹੀ ਤਕ ਪਹੁੰਚਦੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੈਠਕ ਵਿੱਚ ਸਾਹਿਤਕਾਰ ਗੁਰਬਚਨ ਸਿੰਘ ਵਿਰਦੀ, ਹਰੀ ਸਿੰਘ ਚਮਕ, ਸੁਧੀਰ ਕੁਮਾਰ ਸੁਧੀਰ, ਮਨ ਸਾਹਿਰ, ਇਕਬਾਲ ਸਿੰਘ ਤੇ ਡਾਈਟ ਅਧਿਆਪਕਾਂ ਵਿੱਚੋਂ ਕੰਵਲਦੀਪ ਸੋਹੀ, ਗੁਰਪ੍ਰੀਤ ਸਿੰਘ ਤੇ ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।