ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਜਨਵਰੀ
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਕਤ ਸੇਵਕ ਪਰਿਵਾਰ ਦੇ ਸਾਂਝੇ ਉਪਰਾਲੇ ਨਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਅੰਬਾਲਾ ਤੋਂ ਆਈ ਮਿਸ਼ਨ ਹਸਪਤਾਲ ਦੀ ਟੀਮ ਨੇ 98 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨ ਕੈਂਪ ਦਾ ਸ਼ੁਭ ਆਰੰਭ ਗਿਆਨੀ ਸੁਬੇਗ ਸਿੰਘ ਨੇ ਅਰਦਾਸ ਕਰਨ ਉਪਰੰਤ ਕੀਤਾ।
ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਨਿੱਤ ਵਾਪਰਦੇ ਹਾਦਸਿਆਂ ਕਾਰਨ ਮਰੀਜ਼ਾਂ ਨੂੰ ਖੂਨ ਦੀ ਲੋੜ ਹੁੰਦੀ ਹੈ ਤੇ ਇਸ ਲੋੜ ਨੂੰ ਪੂਰੀ ਕਰਨ ਲਈ ਨੌਜਵਾਨ ਤਬਕੇ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ, ਇਸ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਨਹੀਂ ਹੁੰਦੀ ਤੇ ਇਕ ਹਫਤੇ ਦੇ ਅੰਦਰ ਹੀ ਇਸ ਦੀ ਪੂਰਤੀ ਹੋ ਜਾਂਦੀ ਹੈ। ਇਸ ਲਈ ਲੋਕਾਂ ਨੂੰ ਬਿਨਾਂ ਕਿਸੇ ਝਿੱਜਕ ਦੇ ਖੂਨਦਾਨ ਕਰਨਾ ਚਾਹੀਦਾ ਹੈ। ਰਕਤ ਸੇਵਕ ਪਰਿਵਾਰ ਦੇ ਪ੍ਰਧਾਨ ਗਗਨ ਚੰਡੋਕ ਨੇ ਖੂਨਦਾਨੀਆਂ ਨੂੰ ਬੈਜ ਲਾ ਕੇ ਸਨਮਾਨਿਤ ਕੀਤਾ। ਇਸ ਮੌਕੇ ਭਗਵੰਤ ਸਿੰਘ, ਇੰਦਰਜੀਤ ਸਿੰਘ, ਬਾਵਾ ਜੀ, ਦਲਜੀਤ ਸਿੰਘ, ਸੁਖਚੈਨ ਸਿੰਘ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।