ਗੁਰੂ ਹਰਿਕ੍ਰਿਸ਼ਨ ਸਕੂਲ ’ਚ ਬਾਸਕਟਬਾਲ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਦੋਰਾਹਾ, 22 ਜੁਲਾਈ
ਇਥੋਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਾਵੀ, ਬਿਆਸ ਤੇ ਸਤਲੁਜ ਹਾਊਸ ਵਿਚਕਾਰ ਬਾਸਕਟ ਬਾਲ ਮੁਕਾਬਲੇ ਕੋਚ ਮੱਲ ਸਿੰਘ ਦੀ ਅਗਵਾਈ ਹੇਠਾਂ ਕਰਵਾਏ ਗਏ। ਇਨ੍ਹਾਂ ਮੈਚਾਂ ਵਿਚ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਡਾਇਰੈਕਟਰ ਕਰਮਵੀਰ ਸਿੰਘ ਤੇ ਸਕੂਲ ਮੁਖੀ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਵਿੱਚ ਰਾਵੀ ਹਾਊਸ ਨੇ ਬਿਆਸ ਹਾਊਸ ਨੂੰ 24-22 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕਿਆਂ ਵਿੱਚ ਬਿਆਸ ਹਾਊਸ ਨੇ ਸਤਲੁਜ ਹਾਊਸ ਨੂੰ 45-20 ਨਾਲ ਹਰਾ ਜਿੱਤ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਆਨੰਦ ਮਾਣਿਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕਰਦਿਆਂ ਸਾਰੀਆਂ ਟੀਮਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।
ਬਾਕਸਿੰਗ ਮੁਕਾਬਲੇ ’ਚੋਂ ਜੇਤੂ ਗੁਰਸਾਹਿਬ ਦਾ ਸਨਮਾਨ
ਖੰਨਾ(ਨਿੱਜੀ ਪੱਤਰ ਪ੍ਰੇਰਕ): ਬੀਐੱਫਆਈ ਵੱਲੋਂ ਕਰਵਾਈ 5ਵੀਂ ਜੂਨੀਅਰ ਬਾਕਸਿੰਗ ਚੈਪੀਅਨਸ਼ਿਪ ਵਿੱਚ ਪੰਜਾਬ ਤੋਂ ਗੁਰਸਾਹਿਬ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਹਾਸਲ ਕਰ ਕੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ। ਇਸ ਦੌਰਾਨ ਪਿਛਲੇ ਦਨਿੀਂ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਏ ਨੈਸ਼ਨਲ ਪੱਧਰ ਮੁਕਾਬਲਿਆਂ ਵਿੱਚ ਪੰਜਾਬ ਦੀ ਅਗਵਾਈ ਕਰਦਿਆਂ ਗੁਰਸਾਹਿਬ ਸਿੰਘ ਨੇ ਕੁਆਰਟਰ ਫਾਈਨਲ ਤੱਕ ਜਿੱਤ ਹਾਸਲ ਕੀਤੀ ਅਤੇ ਸੋਨ ਤਗਮਾ ਜਿੱਤਿਆ। ਗੁਰਸਾਹਿਬ ਦੀ ਇਸ ਪ੍ਰਾਪਤੀ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾਗਿੱਲ ਨੇ ਉਸ ਨੂੰ ਸਨਮਾਨਿਤ ਕਰਦਿਆਂ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ।