‘ਇੱਕ ਸ਼ਾਮ ਇਸ਼ਮੀਤ ਦੇ ਨਾਮ’ ਸਮਾਗਮ ਕਰਵਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ 3 ਸਤੰਬਰ
‘ਵੁਆਇਸ ਆਫ਼ ਇੰਡੀਆ’ ਬਣ ਕੇ ਪੂਰੀ ਦੁਨੀਆਂ ਵਿੱਚ ਆਪਣੇ ਸ਼ਹਿਰ ਲੁਧਿਆਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਿਤਾਰੇ ਸਵਰਗੀ ਇਸ਼ਮੀਤ ਸਿੰਘ ਦਾ 36ਵਾਂ ਜਨਮ ਦਿਨ ਇੰਸਟੀਚਿਊਟ ਦੇ ਸਿੱਖਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ‘ਇੱਕ ਸ਼ਾਮ ਇਸ਼ਮੀਤ ਦੇ ਨਾਮ’ ਨਾਂ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਚਰਨ ਕਮਲ ਸਿੰਘ ਅਤੇ ਸਾਰੇ ਸਿੱਖਿਆਰਥੀਆਂ ਨੂੰ ਇਸ਼ਮੀਤ ਸਿੰਘ ਦੇ ਜੀਵਨ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ਼ਮੀਤ ਨੇ ‘ਵੁਆਇਸ ਆਫ਼ ਇੰਡੀਆ’ ਦਾ ਖਿਤਾਬ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਸੀ। ਇਸ ਮੌਕੇ ਰਾਸ਼ੀ ਸਲੀਮ, ਹਰਸ਼ੀਨ, ਜ਼ੀਨੀਅਲ, ਗੁਰਬਾਣੀ, ਉਸ਼ਵੀਨ, ਮਨਦੀਪ ਸਿੰਘ ਅਤੇ ਅਨਿਲ ਸੂਦ ਨੇ ਇਸ਼ਮੀਤ ਦੇ ਗਾਏ ਹੋਏ ਗਾਣੇ ਗਾਏ। ਸਾਜ਼ਾਂ ਦੀ ਪੇਸ਼ਕਾਰੀਆਂ ਸਮਰਵੀਰ, ਸ਼ੈਲੀ, ਦਾਮਿਆ, ਪ੍ਰਭਮੇਹਰ, ਅਰਹਾਨ, ਕਿਆਂਸ਼, ਆਰਵੀ, ਅਮਰਾਜ ਅਤੇ ਦਿਵਿਆਂਸ਼ ਵੱਲੋਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਨ੍ਰਿਤ ਵਿੱਚ ਹਿਪਹਾਪ, ਕੱਥਕ ਅਤੇ ਭੰਗੜੇ ਦੀਆਂ ਦਿਲਕਸ਼ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਮੁੱਖ ਮਹਿਮਾਨ ਆਈਏਐੱਸ ਸੰਦੀਪ ਰਿਸ਼ੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਬੇਸ਼ੱਕ ਇਸ਼ਮੀਤ ਵਿਅਕਤੀਗਤ ਰੂਪ ਵਿੱਚ ਸਾਡੇ ’ਚ ਮੌਜੂਦ ਨਹੀਂ ਹੈ, ਪਰ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਆਈਏਐੱਸ ਓਜਸਵੀ ਨੇ ਕਿਹਾ ਕਿ ਅਸੀਂ ਉਸ ਸ਼ਖ਼ਸੀਅਤ ਦਾ ਜਨਮ ਦਿਨ ਮਨਾ ਰਹੇ ਹਾਂ ਜਿਸਨੇ ਕੇਵਲ 19 ਸਾਲ ਦੀ ਉਮਰ ਵਿੱਚ ਅੰਤਰ-ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ, ਗੁਰਮੀਤ ਸਿੰਘ ਕੋਛੜ, ਜਗਦੇਵ ਸਿੰਘ ਸੰਧੂ, ਕਰਨ ਲਾਂਬਾ, ਐੱਨ. ਕੇ. ਸ਼ਰਮਾ, ਰਾਜੇਸ਼, ਸੁਖਦੇਵ, ਡਾ. ਮਾਨ ਸਿੰਘ ਤੂਰ, ਰਘਬੀਰ ਸਿੰਘ ਸੰਧੂ, ਮੁਖਵਿੰਦਰ ਸਿੰਘ, ਜਤਿੰਦਰ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ। ਅਕਾਡਮੀ ਦੀ ਕੱਥਕ ਅਧਿਆਪਕ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ।