ਬਾਸਕਟਬਾਲ ਟੂਰਨਾਮੈਂਟ ਕਰਵਾਇਆ
ਜਸਵੰਤ ਜੱਸ
ਫਰੀਦਕੋਟ, 22 ਸਤੰਬਰ
ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਮੌਕੇ 29ਵਾਂ ਬਾਸਕਟਬਾਲ ਟੂਰਨਾਮੈਂਟ ਨਹਿਰੂ ਸਟੇਡੀਅਮ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਵਿਧਾਇਕ ਸੇਖੋਂ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਫ਼ਨਾ ਹੈ ਕਿ ਪੰਜਾਬ ਖੇਡਾਂ ਵਿੱਚ ਮੋਹਰੀ ਸੂਬਾ ਬਣੇ। ਇਸ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬਾਸਕਿਟਬਾਲ ਦੇ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ। ਜੈਨ ਬੰਗਲੁਰੂ ਬਨਾਮ ਗਵਾਲੀਅਰ (ਲੜਕੀਆਂ) ਦੀ ਟੀਮ ਵਿਚੋਂ ਜੈਨ ਬੰਗਲੁਰੂ ਦੀ ਟੀਮ ਜੇਤੂ ਰਹੀ। ਪੰਚਕੂਲਾ ਬਨਾਮ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਦੀ ਟੀਮ ’ਚੋਂ ਲਵਲੀ ਯੂਨੀਵਰਸਿਟੀ ਦੀ ਟੀਮ ਜੇਤੂ ਰਹੀ। ਕਪੂਰਥਲਾ ਬਨਾਮ ਲੁਧਿਆਣਾ ਅਕੈਡਮੀ ’ਚੋਂ ਲੁਧਿਆਣਾ ਅਕੈਡਮੀ ਜੇਤੂ ਰਹੀ। ਇਸ ਤੋਂ ਇਲਾਵਾ ਬਾਬਾ ਫ਼ਰੀਦ ਕਲੱਬ ਫ਼ਰੀਦਕੋਟ ਬਨਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚੋਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਟੀਮ ਜੇਤੂ ਰਹੀ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਰਮਨਦੀਪ ਸਿੰਘ ਮੁਮਾਰਾ, ਚੇਅਰਮੈਨ ਹਰਪਾਲ ਪਾਲੀ, ਡੀਐੱਸਪੀ ਅਮਨਦੀਪ ਸਿੰਘ, ਜਤਿੰਦਰਪਾਲ ਸਿੰਘ ਮਾਨ ਏ.ਡੀ.ਓ, ਸੁਰਜੀਤ ਸਿੰਘ ਸੇਖੋਂ, ਹਰਦਿੱਤ ਸਿੰਘ ਸੇਖੋਂ, ਮਨਜੀਤ ਸਿੰਘ ਢਿੱਲੋਂ, ਧਰਮਜੀਤ, ਮਨਪ੍ਰੀਤ ਸਿੰਘ, ਨਛੱਤਰ ਸਿੰਘ ਅਤੇ ਵੱਖ ਵੱਖ ਰਾਜਾਂ ਤੋਂ ਆਏ ਖਿਡਾਰੀ ਹਾਜ਼ਰ ਸਨ।
ਮਿਸਲ ਸਤਲੁਜ ਵੱਲੋਂ ‘ਚੜ੍ਹਤ ਸਿੰਘ ਸ਼ੂਟਿੰਗ ਮੁਕਾਬਲੇ’
ਨਿੱਜੀ ਪੱਤਰ ਪ੍ਰੇਰਕ: ਬਾਬਾ ਫਰੀਦ ਆਗਮਨ ਪੁਰਬ ਮੌਕੇ ਮਿਸਲ ਸਤਲੁਜ ਵੱਲੋਂ ‘ਚੜ੍ਹਤ ਸਿੰਘ ਸ਼ੂਟਿੰਗ ਮੁਕਾਬਲੇ’ ਕਰਵਾਏ ਗਏ। ਇਹ ਸਾਰੇ ਮੁਕਾਬਲੇ ਨਹਿਰੂ ਸਟੇਡੀਅਮ ਵਿਖੇ ਨਵੀਂ ਬਣੀ ਸ਼ੂਟਿੰਗ ਰੇਂਜ ਵਿੱਚ ਉਸ ਦੇ ਉਦਘਾਟਨ ਉਪਰੰਤ ਕਰਵਾਏ ਗਏ। ਇਹ ਮੁਕਾਬਲੇ 18 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਹੋਏ ਜਿਸ ਵਿੱਚ ਪੰਜਾਬ ਭਰ ਤੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ। ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਜੋ ਕਿ ਮੌਜੂਦਾ ਡਿਸਟਿਕ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਦੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।