For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਆਉਣ ਵਾਲਿਆਂ ਦੀ ਬਾਂਹ ਫੜ ਰਹੀਆਂ ਸੰਸਥਾਵਾਂ

09:31 AM Dec 27, 2023 IST
ਕੈਨੇਡਾ ਆਉਣ ਵਾਲਿਆਂ ਦੀ ਬਾਂਹ ਫੜ ਰਹੀਆਂ ਸੰਸਥਾਵਾਂ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਕੈਨੇਡਾ ਦੀ ਸਥਿਤੀ ਬਾਰੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਭਾਵੇਂ ਕਈ ਤਰ੍ਹਾਂ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ, ਪਰ ਇਸ ਮੁਲਕ ’ਚ ਪਿਛਲੇ ਕਈ ਮਹੀਨੇ ਤੋਂ ਨਿਵਾਸ ਕਰਦਿਆਂ ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਇਸ ਮੁਲਕ ਦੀਆਂ ਬਹੁਤ ਸਾਰੀਆਂ ਖੂਬੀਆਂ ਹਰ ਇੱਕ ਇਨਸਾਨ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਕੈਨੇਡਾ, ਕੈਨੇਡਾ ਹੀ ਹੈ। ਭਾਵੇਂ ਲੋਕ ਇਸ ਮੁਲਕ ਵਿੱਚ ਪੈਦਾ ਹੋ ਰਹੀਆਂ ਕਈ ਬੁਰਾਈਆਂ ਲਈ ਇਸ ਦੀ ਬਹੁਤ ਆਲੋਚਨਾ ਕਰਦੇ ਹਨ, ਪਰ ਫੇਰ ਵੀ ਇਸ ਮੁਲਕ ਦੀਆਂ ਬਹੁਤ ਸਾਰੀਆਂ ਚੰਗਿਆਈਆਂ ਵੀ ਹਨ ਜੋ ਇਸ ਨੂੰ ਦੂਜੇ ਮੁਲਕ ਤੋਂ ਵੱਖਰਾ ਕਰਦੀਆਂ ਹਨ ਤੇ ਲੋਕਾਂ ਨੂੰ ਇੱਥੇ ਆ ਕੇ ਵਸਣ ਲਈ ਮਜਬੂਰ ਕਰਦੀਆਂ ਹਨ।
ਉਨ੍ਹਾਂ ਚੰਗਿਆਈਆਂ ’ਚੋਂ ਇੱਕ ਚੰਗਿਆਈ ਦੀ ਚਰਚਾ ਕਰਦੇ ਹਾਂ। ਜੇਕਰ ਇਹ ਮੁਲਕ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਥੇ ਆ ਕੇ ਵਸਣ ਦਾ ਸੱਦਾ ਦਿੰਦਾ ਹੈ ਤਾਂ ਉਹ ਇੱਥੇ ਆਉਣ ਤੋਂ ਬਾਅਦ ਉਨ੍ਹਾਂ ਦੀ ਬਾਂਹ ਵੀ ਫੜਦਾ ਹੈ। ਜਦੋਂ ਤੱਕ ਉਹ ਚੰਗੀ ਤਰ੍ਹਾਂ ਵਸ ਨਹੀਂ ਜਾਂਦੇ ਉਦੋਂ ਤੱਕ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਇਸ ਮੁਲਕ ’ਚ ਸਰਕਾਰਾਂ ਵੱਲੋਂ ਐਕਿਵ ਵਰਗੀਆਂ ਅਨੇਕਾਂ ਸਰਕਾਰੀ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ਜੋ ਬਿਨਾਂ ਕੋਈ ਫੀਸ ਲਿਆਂ ਯਾਨੀ ਕਿ ਮੁਫ਼ਤ ਵਿੱਚ ਵੱਖ ਵੱਖ ਸੇਵਾਵਾਂ ਰਾਹੀਂ ਵਿਦੇਸ਼ਾਂ ਤੋਂ ਆ ਕੇ ਵਸੇ ਤੇ ਵਸਣ ਵਾਲੇ ਨਾਗਰਿਕਾਂ ਦੀ ਸਮੇਂ ਸਮੇਂ ’ਤੇ ਸਹਾਇਤਾ ਕਰਦੀਆਂ ਹਨ।
ਇਹ ਸਰਕਾਰੀ ਸੰਸਥਾਵਾਂ ਤਿੰਨ ਤਰ੍ਹਾਂ ਦੇ ਨਾਗਰਿਕਾਂ ਦੀ ਵੱਖ ਵੱਖ ਸੇਵਾਵਾਂ ਰਾਹੀਂ ਸਹਾਇਤਾ ਕਰਦੀਆਂ ਹਨ। ਪਹਿਲੀ ਕਿਸਮ ਦੇ ਨਾਗਰਿਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਕੈਨੇਡਾ ਵਿੱਚ ਆਇਆਂ ਇੱਕ ਸਾਲ ਦਾ ਸਮਾਂ ਹੋਇਆ ਹੁੰਦਾ ਹੈ। ਦੂਜੀ ਕਿਸਮ ਦੇ ਨਾਗਰਿਕ ਉਹ ਹੁੰਦੇ ਹਨ ਜਿਹੜੇ ਇਸ ਮੁਲਕ ਦੇ ਪੀ.ਆਰ. ਅਤੇ ਸਿਟੀਜਨ (ਪੱਕੇ ਨਾਗਰਿਕ) ਹੋ ਜਾਂਦੇ ਹਨ। ਤੀਜੀ ਕਿਸਮ ਦੇ ਨਾਗਰਿਕ ਉਹ ਹੁੰਦੇ ਹਨ ਜੋ ਇਸ ਮੁਲਕ ਵਿੱਚ ਰਫਿਊਜ਼ੀ ਦੇ ਰੂਪ ਵਿੱਚ ਆਏ ਹੁੰਦੇ ਹਨ ਜਾਂ ਫੇਰ ਜਿਨ੍ਹਾਂ ਨੇ ਇਸ ਮੁਲਕ ਵਿੱਚ ਰਾਜਨੀਤਕ ਸ਼ਰਣ ਲਈ ਹੁੰਦੀ ਹੈ।


ਐਵਿਕ ਵਰਗੀਆਂ ਇਨ੍ਹਾਂ ਸਰਕਾਰੀ ਸੰਸਥਾਵਾਂ ਨੇ ਇਨ੍ਹਾਂ ਤਿੰਨ ਪ੍ਰਕਾਰ ਦੇ ਨਾਗਰਿਕਾਂ ਦੀ ਸਹਾਇਤਾ ਲਈ ਵੱਖ ਵੱਖ ਥਾਵਾਂ ’ਤੇ ਕੇਂਦਰ ਖੋਲ੍ਹੇ ਹੋਏ ਹਨ। ਕਮਿਸ਼ਨਰ ਨਾਂ ਦੇ ਅਧਿਕਾਰੀ ਅਧੀਨ ਚੱਲਦੀਆਂ ਇਨ੍ਹਾਂ ਸਰਕਾਰੀ ਸੰਸਥਾਵਾਂ ਦੇ ਕਰਮਚਾਰੀ ਨਾਗਰਿਕਾਂ ਨੂੰ ਸਹਾਇਤਾ ਲੈਣ ਲਈ ਚੇਤਨ ਕਰਨ ਲਈ ਵੱਖ ਵੱਖ ਥਾਵਾਂ ’ਤੇ ਕੈਂਪ, ਸੈਮੀਨਾਰ ਲਗਾਉਂਦੇ ਹਨ ਅਤੇ ਮੀਟਿੰਗਾਂ ਕਰਦੇ ਹਨ। ਆਪਣੀ ਆਪਣੀ ਸੰਸਥਾ ਦੇ ਛਪੇ ਹੋਏ ਇਸ਼ਤਿਹਾਰ ਵੰਡਦੇ ਹਨ। ਨਾਗਰਿਕ ਘਰ ਬੈਠਿਆਂ ਵੀ ਦਿੱਤੇ ਹੋਏ ਈ.ਮੇਲ ਪਤੇ www.achev.canac, HSahni@achev.ca ਉੱਤੇ ਆਨਲਾਈਨ ਅਤੇ ਮੋਬਾਈਲ ਨੰਬਰ 416-518-3472 ’ਤੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਨ੍ਹਾਂ ਸਰਕਾਰੀ ਸੰਸਥਾਵਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਜਾਣਕਾਰੀਆਂ ਅਤੇ ਸਹੂਲਤਾਂ ਦੇ ਵੇਰਵਿਆਂ ਵਿੱਚ ਕਾਫ਼ੀ ਕੁੱਝ ਸ਼ਾਮਲ ਹੈ।
ਜਿਵੇਂ ਕਿ ਦੂਜੇ ਦੇਸ਼ਾਂ ਤੋਂ ਆ ਕੇ ਵਸਣ ਵਾਲੇ ਨਵੇਂ ਲੋਕਾਂ ਨੂੰ ਸੂਚਨਾ ਕੇਂਦਰਾਂ ਰਾਹੀਂ ਸੂਚਨਾਵਾਂ ਮੁਹੱਈਆ ਕਰਵਾਉਣਾ। ਵਿਦੇਸ਼ਾਂ ਤੋਂ ਆ ਕੇ ਵਸਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਤੇ ਲੱਗਣ ਵਾਲੇ ਟੈਕਸ ਤੋਂ ਬਚਣ ਲਈ ਉਨ੍ਹਾਂ ਤੋਂ ਫਾਰਮ ਭਰਵਾਉਣੇ। ਫਰਨੀਚਰ ਅਤੇ ਗੱਦਿਆਂ ਦੀ ਖ਼ਰੀਦਦਾਰੀ ਸਮੇਂ ਲੱਗਣ ਵਾਲੇ ਜੀ.ਐੱਸ.ਟੀ. ਤੇ ਐੱਚ.ਐੱਸ.ਟੀ. ਟੈਕਸ ਬਚਾਉਣ ਲਈ ਉਨ੍ਹਾਂ ਦੇ ਫਾਰਮ ਭਰਵਾਉਣੇ। ਨਾਗਰਿਕਾਂ ਦੀ ਇਮੀਗ੍ਰੇਸ਼ਨ, ਪੀ.ਆਰ. ਤੇ ਸਿਟੀਜਨਸ਼ਿਪ ਪ੍ਰਾਪਤ ਕਰਨ ’ਚ ਉਨ੍ਹਾਂ ਦੀ ਸਹਾਇਤਾ ਕਰਨੀ। ਕੇਵਲ ਪੀ.ਆਰ. ਨਾਗਰਿਕਾਂ ਲਈ ਪੁਰਾਣੀ ਪੈਨਸ਼ਨ ਅਤੇ ਕੈਨੇਡਾ ਪੈਨਸ਼ਨ ਨਵਿਆਉਣ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣੀ। ਕਿਹੜੇ ਕਿਹੜੇ ਖੇਤਰ ਵਿੱਚ ਕਿਸ ਤਰ੍ਹਾਂ ਰੁਜ਼ਗਾਰ ਪ੍ਰਾਪਤ ਹੋ ਸਕਦਾ ਹੈ, ਦੀ ਉਨ੍ਹਾਂ ਨੂੰ ਜਾਣਕਾਰੀ ਦੇਣਾ ਅਤੇ ਰੁਜ਼ਗਾਰ ਪ੍ਰਾਪਤੀ ਵਿੱਚ ਉਨ੍ਹਾਂ ਦੀ ਸਹਾਇਤਾ ਕਰਨੀ। ਬਿਨਾਂ ਕੋਈ ਫੀਸ ਲਿਆਂ ਅੰਗਰੇਜ਼ੀ ਅਤੇ ਫਰੈਂਚ ਭਾਸ਼ਾਵਾਂ ਸਿਖਾਉਣੀਆਂ। ਵਿਦੇਸ਼ੀ ਨਾਗਰਿਕਾਂ ਪਰ ਕੈਨੇਡਾ ਵਿੱਚ ਵਸਦੇ ਨੌਕਰੀ ਪੇਸ਼ਾ ਨਾਗਰਿਕਾਂ ਦੇ ਲਾਈਫ ਸਰਟੀਫਿਕੇਟਾਂ, ਸੱਦਾ ਪੱਤਰਾਂ, ਯਾਤਰਾ ਸਹਿਮਤੀ ਫਾਰਮਾਂ ਅਤੇ ਹੋਰ ਸਰਟੀਫਿਕੇਟਾਂ ਦੀਆਂ ਅਸਲੀ ਕਾਪੀਆਂ ਤਸਦੀਕ ਕਰਨੀਆਂ।
ਵਿਦੇਸ਼ਾਂ ਤੋਂ ਆ ਕੇ ਕੈਨੇਡਾ ਵਿੱਚ ਆ ਕੇ ਵਸੇ ਨਵੇਂ ਨਾਗਰਿਕਾਂ ਦੇ ਵਸੇਵੇ, ਰੁਜ਼ਗਾਰ ਤੇ ਇਮੀਗ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਉਣੇ। ਟੈਕਸ ਮੁਆਫ਼ ਸਿਹਤ ਕੇਂਦਰਾਂ ਦੀ ਸਹੂਲਤ ਮੁਹੱਈਆ ਕਰਵਾਉਣਾ। ਯੂਥ ਐਜੂਕੇਸ਼ਨਲ ਪ੍ਰੋਗਰਾਮ ਕਰਨੇ। ਸਿੱਖਿਆ ਪ੍ਰਾਪਤੀ ਅਤੇ ਕੋਰਸਾਂ ’ਚ ਦਾਖਲੇ ਲਈ ਉਨ੍ਹਾਂ ਨੂੰ ਪੂਰੀ ਜਾਣਕਾਰੀ ਪ੍ਰਦਾਨ ਕਰਨਾ। ਸਿਹਤ ਸਬੰਧੀ ਸਹੂਲਤਾਂ ਦੀ ਪ੍ਰਾਪਤੀ ਲਈ ਬੀਮੇ ਤੇ ਸਿਹਤ ਕੇਂਦਰਾਂ ਦੀ ਜਾਣਕਾਰੀ ਹਾਸਲ ਕਰਵਾਉਣਾ। ਨਾਗਰਿਕਤਾ ਅਤੇ ਇਮੀਗ੍ਰੇਸ਼ਨ ਦੀ ਪ੍ਰਾਪਤੀ ਦੇ ਸਾਧਨਾਂ, ਸ਼ਰਤਾਂ ਬਾਰੇ ਜਾਣਕਾਰੀ ਦੇਣਾ ਤੇ ਉਨ੍ਹਾਂ ਦੀ ਸਹਾਇਤਾ ਕਰਨਾ।
ਇਹ ਮੁਲਕ ਦੂਜੇ ਦੇਸ਼ਾਂ ਤੋਂ ਆ ਕੇ ਇੱਥੇ ਵਸਣ ਵਾਲੇ ਲੋਕਾਂ ਨੂੰ ਖੁਸ਼ਾਮਦੀਦ ਕਹਿੰਦਾ ਹੈ। ਉਨ੍ਹਾਂ ਦੇ ਵਸਣ ’ਚ ਸਹਾਇਤਾ ਕਰਨ ਲਈ ਸੌ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਉਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ਲਈ ਉਨ੍ਹਾਂ ਨੂੰ ਰੁਜ਼ਗਾਰ ਦਿੰਦਾ ਹੈ, ਪਰ ਦੂਜੇ ਦੇਸ਼ਾਂ ਤੋਂ ਆ ਕੇ ਇਸ ਦੇਸ਼ ’ਚ ਵਸੇ ਬਹੁਤ ਸਾਰੇ ਅਕ੍ਰਿਤਘਣ ਨਾਗਰਿਕ ਚੋਰੀਆਂ ਕਰਕੇ, ਨਸ਼ੇ ਵੇਚਣ ਦਾ ਧੰਦਾ ਕਰਕੇ, ਲੁੱਟਮਾਰ ਕਰਕੇ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਕਰ ਕੇ ਇਸ ਮੁਲਕ ਦੀ ਸ਼ਾਂਤੀ ਵਿਵਸਥਾ ਲਈ ਖ਼ਤਰਾ ਪੈਦਾ ਕਰਕੇ ਸਰਕਾਰਾਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਗੈਰ ਕਾਨੂੰਨੀ ਕਾਰਵਾਈਆਂ ਨਾਲ ਉਨ੍ਹਾਂ ਦੇ ਆਪਣੇ ਮੁਲਕਾਂ ਦਾ ਨਾਂ ਬਦਨਾਮ ਹੁੰਦਾ ਹੈ। ਦੂਜੇ ਮੁਲਕ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਆਉਣ ਉੱਤੇ ਪਾਬੰਦੀ ਲਗਾ ਰਹੇ ਹਨ। ਕੈਨੇਡਾ ਦੀ ਬਿਗੜ ਰਹੀ ਸਥਿਤੀ ਬਾਰੇ ਸੁਣ ਕੇ ਇਸ ਮੁਲਕ ਵਿੱਚ ਆ ਕੇ ਵਸਣ ਦਾ ਵਿਚਾਰ ਰੱਖਣ ਵਾਲੇ ਲੋਕ ਇੱਥੇ ਆਉਣ ਤੋਂ ਗੁਰੇਜ਼ ਕਰ ਰਹੇ ਹਨ।
ਆਪਣੇ ਮੁਲਕਾਂ ਦੀਆਂ ਸਮੱਸਿਆਵਾਂ ਦੇ ਸਤਾਏ ਜਿਹੜੇ ਨਗਰਿਕ ਇਸ ਮੁਲਕ ’ਚ ਆ ਕੇ ਗੈਰ ਕਾਨੂੰਨੀ ਧੰਦੇ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀ ਗੈਰ ਮਨੁੱਖੀ ਸੋਚ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਇਹ ਮੁਲਕ ਖੁਸ਼ਹਾਲ ਹੋਵੇਗਾ। ਇੱਥੇ ਸ਼ਾਂਤੀ ਅਤੇ ਚੰਗਾ ਮਾਹੌਲ ਹੋਵੇਗਾ ਤਾਂ ਇਹ ਮੁਲਕ ਤਰੱਕੀ ਕਰੇਗਾ। ਇੱਥੇ ਵਸਣ ਵਾਲੇ ਲੋਕਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣਗੇ। ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ। ਹੋਰ ਲੋਕਾਂ ਨੂੰ ਇਸ ਮੁਲਕ ਵਿੱਚ ਆ ਕੇ ਵਸਣ ਦੇ ਮੌਕੇ ਮਿਲਣਗੇ। ਜੇਕਰ ਉਨ੍ਹਾਂ ਨਾਗਰਿਕਾਂ ਨੇ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਉਨ੍ਹਾਂ ਦਾ ਭਵਿੱਖ ਖ਼ਤਰੇ ਵਿੱਚ ਹੋਵੇਗਾ। ਕੈਨੇਡਾ ਤੋਂ ਸਬਕ ਲੈ ਕੇ ਦੂਜੇ ਮੁਲਕਾਂ ਨੂੰ ਵੀ ਆਪਣੇ ਮੁਲਕ ਵਿੱਚ ਐਕਿਵ ਵਰਗੀਆਂ ਲੋਕ ਭਲਾਈ ਸੰਸਥਾਵਾਂ ਕਾਇਮ ਕਰਨੀਆਂ ਚਾਹੀਦੀਆਂ ਹਨ।
ਈਮੇਲ: vijaykumarbehki@gmail.com

Advertisement
Author Image

Advertisement
Advertisement
×