ਖੁਦਕੁਸ਼ੀ ਕੇਸ ਵਿੱਚ ਨਾਮਜ਼ਦ ਅਧਿਆਪਕਾਂ ਦੇ ਹੱਕ ’ਚ ਨਿੱਤਰੀਆਂ ਜਥੇਬੰਦੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਜੁਲਾਈ
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇੱਥੇ ਮੀਟਿੰਗ ਕਰਕੇ ਬਖੋਰਾ ਕਲਾਂ ਸਕੂਲ ਦੇ ਇੰਚਾਰਜ ਅਧਿਆਪਕ ਧਰਮਵੀਰ ਸੈਣੀ ਦੇ ਖੁਦਕੁਸ਼ੀ ਕੇਸ ਵਿਚ ਸ਼ਾਮਲ ਪੰਜ ਅਧਿਆਪਕਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਗਿਆ। ਮੀਟਿੰਗ ਨੂੰ ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ, ਡੀਟੀਐੱਫ (ਸਬੰਧਤ ਡੀਐੱਮਐੱਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਖਵਿੰਦਰ ਸਿੰਘ ਚਾਹਲ, ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਜਿੰਦਰ ਭਦੌੜ, ਲੋਕ ਚੇਤਨਾ ਮੰਚ ਲਹਿਰਾ ਦੇ ਗਿਆਨ ਚੰਦ, ਜ਼ਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ, ਲਾਭ ਸਿੰਘ ਨਮੋਲ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ ਅਤੇ ਪੀਐੱਸਯੂ (ਰੰਧਾਵਾ) ਦੇ ਹੁਸ਼ਿਆਰ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਇੱਕ ਅਧਿਆਪਕ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਉਸ ਦੇ ਪਰਿਵਾਰ ਨਾਲ ਜਥੇਬੰਦੀਆਂ ਨੂੰ ਪੂਰੀ ਹਮਦਰਦੀ ਹੈ ਪਰ ਇਸ ਕੇਸ ਵਿੱਚ ਜੋ ਪੰਜ ਅਧਿਆਪਕ ਨਾਮਜ਼ਦ ਕੀਤੇ ਗਏ ਹਨ ਉਹ ਵੀ ਨਿਰਦੋਸ਼ ਹਨ। ਆਗੂਆਂ ਨੇ ਕਿਹਾ ਕਿ ਅਧਿਆਪਕ ਦੀ ਮੌਤ ਲਈ ਨਾਕਸ ਸਿੱਖਿਆ ਪ੍ਰਬੰਧ ਜ਼ਿੰਮੇਵਾਰ ਹੈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਆਗੂਆਂ ਨੇ ਕਿਹਾ ਕਿ ਇਸੇ ਲਈ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸ ਕੇਸ ਵਿੱਚ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਬਾਰੀਕੀ ਨਾਲ ਜਾਂਚ ਕਰਕੇ ਦੋਹਾਂ ਧਿਰਾਂ ਨਾਲ ਇਨਸਾਫ਼ ਕਰੇ। ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀਆਂ ਮ੍ਰਿਤਕ ਅਧਿਆਪਕ ਦੇ ਪਰਿਵਾਰ ਦੀ ਭਲਾਈ ਅਤੇ ਪੰਜ ਨਾਮਜ਼ਦ ਅਧਿਆਪਕਾਂ ਨੂੰ ਇਨਸਾਫ ਲਈ ਹਰ ਕਿਸਮ ਦਾ ਸਹਿਯੋਗ ਵਧ-ਚੜ੍ਹ ਕੇ ਦੇਣ ਲਈ ਵਚਨਬੱਧ ਹਨ। ਮੀਟਿੰਗ ਵਿੱਚ 6505 ਅਧਿਆਪਕ ਯੂਨੀਅਨ, ਲੈਕਚਰਾਰ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, 6060 ਅਧਿਆਪਕ ਯੂਨੀਅਨ, ਜੀਟੀਯੂ, ਪੰਜਾਬ ਸਟੂਡੈਂਟ ਫੈਡਰੇਸ਼ਨ, ਨਾਰੀ ਚੇਤਨਾ ਅਤੇ ਜਬਰ ਵਿਰੋਧੀ ਮੰਚ ਪੰਜਾਬ ਸਮੇਤ ਕਈ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ।