ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਅਧਿਆਪਕਾਂ ਦੇ ਹੱਕ ’ਚ ਡਟੀਆਂ ਜਥੇਬੰਦੀਆਂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਇੰਚਾਰਜ ਅਧਿਆਪਕ ਧਰਮਵੀਰ ਸੈਣੀ ਦੇ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਪੰਜ ਅਧਿਆਪਕਾਂ ਦੇ ਹੱਕ ਵਿੱਚ ਜ਼ਿਲ੍ਹੇ ਦੀਆਂ ਅਧਿਆਪਕ, ਕਿਸਾਨ, ਮਜ਼ਦੂਰ ਤੇ ਵਿਦਿਆਰਥੀ ਸਣੇ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫਦ ਅੱਜ ਐੱਸਐੱਸਪੀ ਸੰਗਰੂਰ ਨੂੰ ਮਿਲਿਆ। ਵਫ਼ਦ ਨੇ ਦਾਅਵਾ ਕਰਦਿਆਂ ਕਿਹਾ ਕਿ ਅਸਲ ਵਿੱਚ ਧਰਮਵੀਰ ਸੈਣੀ ਲੰਮੇ ਸਮੇਂ ਤੋਂ ਮਾਨਸਿਕ ਬਿਮਾਰੀ ਤੋਂ ਪੀੜਤ ਸੀ ਅਤੇ ਇਸੇ ਬਿਮਾਰੀ ਵਿੱਚੋਂ ਉਸ ਨੇ ਇਨ੍ਹਾਂ ਪੰਜਾਂ ਅਧਿਆਪਕਾਂ ਦੇ ਨਾਂ ਲੈ ਦਿੱਤੇ ਜਦੋਂ ਕਿ ਉਸ ਦੀ ਮੌਤ ਦਾ ਅਸਲ ਕਰਨ ਇਹ ਪੰਜ ਅਧਿਆਪਕ ਨਾ ਹੋ ਕੇ ਉਸ ਦੀ ਆਪਣੀ ਮਾਨਸਿਕ ਬਿਮਾਰੀ ਅਤੇ ਸਕੂਲੀ ਸਿੱਖਿਆ ਦਾ ਨਾਕਸ ਪ੍ਰਬੰਧ ਹੈ। ਇਹ ਘਟਨਾ ਡੂੰਘੀ ਜਾਂਚ ਦੀ ਮੰਗ ਕਰਦੀ ਹੈ। ਅਜਿਹੇ ਵਿੱਚ ਨਾਮਜ਼ਦ ਅਧਿਆਪਕਾਂ ਦੇ ਘਰਾਂ ਅਤੇ ਸਕੂਲਾਂ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਵਫ਼ਦ ’ਚ ਸ਼ਾਮਲ ਆਗੂਆਂ ਨੇ ਕੇਸ ’ਚ ਨਾਮਜ਼ਦ ਅਧਿਆਪਕ ਵਿਨੋਦ ਕੁਮਾਰ ਦੀ ਪਤਨੀ ਨੂੰ ਮੂਨਕ ਪੁਲੀਸ ਵਲੋਂ ਕਰੀਬ 5 ਘੰਟੇ ਥਾਣੇ ਵਿਚ ਬਿਠਾਉਣ ਅਤੇ ਬਖੋਰਾਂ ਕਲਾਂ ਅਤੇ ਗੁਰਨੇ ਕਲਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਲਗਾਤਾਰ ਛਾਪੇਮਾਰੀ ਕਰਨ ਦਾ ਮਾਮਲਾ ਐੱਸਐੱਸਪੀ. ਦੇ ਧਿਆਨ ਵਿਚ ਲਿਆਂਦਾ। ਆਗੂਆਂ ਨੇ ਮੰਗ ਕੀਤੀ ਕਿ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਐੱਸਐੱਸਪੀ ਨੇ ਭਰੋਸਾ ਦਿੱਤਾ ਕਿ ਪੁਲੀਸ ਅਧਿਆਪਕਾਂ ਦੇ ਪਰਿਵਾਰਾਂ ਅਤੇ ਸਕੂਲ ਸਟਾਫ਼ ਨੂੰ ਪ੍ਰੇਸ਼ਾਨ ਨਹੀਂ ਕਰੇਗੀ ਅਤੇ ਸਾਰੇ ਪੱਖਾਂ ਤੋਂ ਘਟਨਾ ਦੀ ਜਾਂਚ ਕਰੇਗੀ। ਵਫ਼ਦ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਧਰਮਵੀਰ ਸੈਣੀ ਦੇ ਪਰਿਵਾਰ ਦੀ ਬਾਂਹ ਫੜੇ, ਆਰਥਿਕ ਸਹਾਇਤਾ ਦੇਵੇ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ।
ਵਫ਼ਦ ਵਿੱਚ ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਆਗੂ ਜੁਝਾਰ ਲੌਂਗੋਵਾਲ, ਲਖਵੀਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮ ਵੇਦ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਤੇ 6505 ਅਧਿਆਪਕ ਯੂਨੀਅਨ ਦੇ ਚਮਕੌਰ ਸਿੰਘ ਆਦਿ ਸ਼ਾਮਲ ਸਨ।