ਅਰੁੰਧਤੀ ਤੇ ਹੁਸੈਨ ਦੇ ਹੱਕ ’ਚ ਡਟੀਆਂ ਜਥੇਬੰਦੀਆਂ
ਗੁਰਸੇਵਕ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਜੂਨ
ਇੱਥੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਮੀਨਾਰ ਏ ਮੁਕਤਾ ਵਿੱਚ ਹੋਈ। ਇਸ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਤੇ ਅਧਿਆਪਕ ਜਥੇਬੰਦੀਆਂ ਨੇ ਅਰੁੰਧਤੀ ਰੌਇ ਤੇ ਪ੍ਰੋ. ਸ਼ੇਖ਼ ਸ਼ੌਕਤ ਹੁਸੈਨ ਖ਼ਿਲਾਫ਼ ਕੇਸ ਦਰਜ ਦੀ ਮਨਜ਼ੂਰੀ ਦੇਣ ਖ਼ਿਲਾਫ਼ ਡਟਣ ਦਾ ਫ਼ੈਸਲਾ ਲਿਆ। ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਰਾਮ ਸਵਰਨ ਲੱਖੇਵਾਲੀ ਨੇ ਪੰਜਾਬ ਦੀਆਂ 40 ਤੋਂ ਵੱਧ ਜਨਤਕ, ਜਮਹੂਰੀ ਤੇ ਸਾਹਿਤਕ ਜਥੇਬੰਦੀਆਂ ਵੱਲੋਂ ਦਿੱਲੀ ਦੇ ਰਾਜਪਾਲ ਵੱਲੋਂ ਅਰੁੰਧਤੀ ਤੇ ਪ੍ਰੋ. ਹੁਸੈਨ ਖ਼ਿਲਾਫ਼ 14 ਸਾਲ ਪੁਰਾਣੀ ਤਕਰੀਰ ਦੇ ਆਧਾਰ ’ਤੇ ਕੇਸ ਦਰਜ ਦੀ ਮਨਜ਼ੂਰੀ ਦੇਣ ਦੀ ਨਿਖੇਧੀ ਕੀਤੀ ਹੈ। ਹਰਬੰਸ ਸਿੰਘ ਕੋਟਲੀ, ਬਲਵਿੰਦਰ ਸਿੰਘ ਥਾਂਦੇ ਵਾਲਾ, ਲਖਵੀਰ ਸਿੰਘ ਹਰੀਕੇ ਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ ਅਰੁੰਧਤੀ ਨੇ ਆਪਣੀਆਂ ਲਿਖਤਾਂ ਵਿੱਚ ਕਾਰਪੋਰੇਟ-ਪੱਖੀ ਲੋਕ ਵਿਰੋਧੀ ਨੀਤੀਆਂ ਤੋਂ ਪਰਦਾ ਉਠਾਉਣ ਦੇ ਨਾਲ ਨਾਲ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਆਦਿਵਾਸੀਆਂ ਤੇ ਦਲਿਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸੇ ਲਈ ਕੇਂਦਰ ਸਰਕਾਰ ਉਨ੍ਹਾਂ ’ਤੇ ਝੂਠੇ ਕੇਸ ਦਰਜ ਕਰ ਕੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਲੋਚਦੀ ਹੈ। ਆਗੂਆਂ ਨੇ ਆਖਿਆ ਅਰੁੰਧਤੀ ਤੇ ਪ੍ਰੋ. ਹੁਸੈਨ ਦੇ ਹੱਕ ਵਿੱਚ ਸੂਬਾ ਪੱਧਰੀ ਮੁਹਿੰਮ ਦਾ ਹਿੱਸਾ ਬਣਦਿਆਂ ਇਕਮੁੱਠ ਹੋ ਕੇ ਪਹਿਲੀ ਜੁਲਾਈ ਨੂੰ ਸਥਾਨਕ ਡੀਸੀ ਦਫ਼ਤਰ ਸਾਹਮਣੇ ਪ੍ਰਦਰਸ਼ਨ ਦੌਰਾਨ ਤਿੰਨ ਫੌਜਦਾਰੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਇਸ ਮੌਕੇ ਕੁਲਵਿੰਦਰ ਸਿੰਘ, ਬਿੱਟੂ ਮੱਲਣ, ਪਰਮਿੰਦਰ ਖੋਖਰ, ਵਿਜੇ ਕੁਮਾਰ, ਜਸਵਿੰਦਰ ਸਿੰਘ ਸੰਗੂ ਧੌਣ, ਸੁਰਿੰਦਰ ਖੰਨਾ, ਸਵਰਨ ਸਿੰਘ, ਹਰਦੇਵ ਸਿੰਘ, ਕੰਵਲਜੀਤ ਪਾਲ ਸਿੰਘ, ਜਸਵੰਤ ਆਹੂਜਾ ਆਦਿ ਹਾਜ਼ਰ ਸਨ।