For the best experience, open
https://m.punjabitribuneonline.com
on your mobile browser.
Advertisement

ਪ੍ਰਭ ਆਸਰਾ ਸੰਸਥਾ ਦੇ ਹੱਕ ਵਿੱਚ ਨਿੱਤਰੀਆਂ ਜਥੇਬੰਦੀਆਂ

06:40 AM Sep 01, 2024 IST
ਪ੍ਰਭ ਆਸਰਾ ਸੰਸਥਾ ਦੇ ਹੱਕ ਵਿੱਚ ਨਿੱਤਰੀਆਂ ਜਥੇਬੰਦੀਆਂ
ਪ੍ਰਭ ਆਸਰਾ ਵਿੱਚ ਮੀਟਿੰਗ ਮਗਰੋਂ ਸੰਘਰਸ਼ ਦਾ ਐਲਾਨ ਕਰਦੇ ਹੋਏ ਜਥੇਬੰਦੀਆਂ ਦੇ ਆਗੂ।
Advertisement

ਮਿਹਰ ਸਿੰਘ
ਕੁਰਾਲੀ, 31 ਅਗਸਤ
ਮੰਦਬੁੱਧੀ, ਅਪੰਗ ਤੇ ਬੇਸਹਾਰਾ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ‘ਪ੍ਰਭ ਆਸਰਾ’ ਦਾ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ ਖ਼ਿਲਾਫ਼ ਇੱਕ ਵਾਰ ਫਿਰ ਸਮਾਜ ਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਸੰਸਥਾ ਦੇ ਹੱਕ ਵਿੱਚ ਨਿੱਤਰੀਆਂ ਹਨ। ਜਥੇਬੰਦੀਆਂ ਦੀ ਸੰਸਥਾ ਵਿੱਚ ਹੋਈ ਮੀਟਿੰਗ ਦੌਰਾਨ ਬਿਜਲੀ ਦੇ ਕੁਨੈਕਸ਼ਨ ਬਹਾਲ ਕਰਵਾਉਣ ਲਈ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਕੁਰਾਲੀ ਨਗਰ ਕੌਂਸਲ ਦੀ ਹੱਦ ਵਿੱਚ ਪਿੰਡ ਪਡਿਆਲਾ ਵਿੱਚ ਚੱਲ ਰਹੀ ਸੰਸਥਾ ਪ੍ਰਭ ਆਸਰਾ ਦਾ ਬਿਜਲੀ ਦਾ ਕੁਨੈਕਸ਼ਨ ਪਾਵਰਕੌਮ ਵਲੋਂ ਕੱਟੇ ਜਾਣ ਤੋਂ ਬਾਅਦ ਮੀਟਰ ਵੀ ਲਾਹ ਲਿਆ ਗਿਆ ਸੀ।
ਕਿਸਾਨ ਯੂਨੀਅਨ ਕਾਦੀਆਂ ਦੇ ਰੇਸ਼ਮ ਸਿੰਘ ਬਡਾਲੀ, ਕਿਸਾਨ ਯੂਨੀਅਨ ਲੱਖੋਵਾਲ ਦੇ ਗੁਰਚਰਨ ਸਿੰਘ ਢੋਲਣਮਾਜਰਾ, ਕਿਰਤੀ ਕਿਸਾਨ ਮੋਰਚੇ ਦੇ ਜਗਮਨ ਸਿੰਘ, ਲੋਕ ਹਿੱਤ ਮਿਸ਼ਨ ਬੀਕੇਯੂ ਦੇ ਰਵਿੰਦਰ ਸਿੰਘ ਵਜੀਦਪੁਰ, ਕਿਸਾਨ ਯੂਨੀਅਨ ਰਾਜੇਵਾਲ ਦੇ ਪਰਮਦੀਪ ਸਿੰਘ ਬੈਦਵਾਨ, ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਬੁੱਧੀਜੀਵੀ ਪ੍ਰਿੰਸੀਪਲ ਸਪਿੰਦਰ ਸਿੰਘ, ਧਾਰਮਿਕ ਵਿੰਗ ਦੇ ਭਾਈ ਹਰਜੀਤ ਸਿੰਘ ਹਰਮਨ, ਭਾਈ ਬਲਵੀਰ ਸਿੰਘ ਬਦਨਪੁਰ ਅਤੇ ਸਤਨਾਮ ਸਿੰਘ ਆਦਿ ਨੇ ਪ੍ਰਭ ਆਸਰਾ ਦਾ ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ ’ਤੇ ਵਿਚਾਰ ਚਰਚਾ ਕੀਤੀ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਗ਼ਰੀਬਾਂ ਨੂੰ ਬਿਜਲੀ ਮੁਫ਼ਤ ਮੁਹੱਈਆ ਕਰਵਾ ਰਹੀ ਹੈ ਦੂਜੇ ਪਾਸੇ ਬੇਸਹਾਰਾ ਪ੍ਰਾਣੀਆਂ ਤੋਂ ਇਹ ਹੱਕ ਖੋਹ ਰਹੀ ਹੈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਬੇਸਹਾਰਾ ਲੋਕਾਂ ਦੇ ਹੱਕਾਂ ਲਈ 3 ਨੂੰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਰਨੈਲ ਸਿੰਘ ਮਗਰੋੜ, ਜਸਵੀਰ ਸਿੰਘ ਕਾਦੀਮਾਜਰਾ, ਭਗਤ ਸਿੰਘ ਭਗਤਮਾਜਰਾ, ਗੁਰਮੇਲ ਸਿੰਘ ਮੰਡ, ਦਿਲਬਾਗ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ ਤੇ ਜਰਨੈਲ ਸਿੰਘ ਗੋਸਲਾਂ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement