ਜਥੇਬੰਦੀਆਂ ਵੱਲੋਂ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਖ਼ਿਲਾਫ਼ ਮਾਰਚ
ਗੁਰਿੰਦਰ ਸਿੰਘ
ਲੁਧਿਆਣਾ, 2 ਸਤੰਬਰ
ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਖ਼ਿਲਾਫ਼ ਰੋਸ ਮਾਰਚ ਕਰ ਕੇ ਫ਼ਿਲਮ ’ਤੇ ਪਾਬੰਦੀ ਲਈ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ, 1984 ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਮਹਿਲਾ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਕੰਗਨਾ ਰਣੌਤ ਦੀ ਵਿਵਾਦਿਤ ਫ਼ਿਲਮ ਐਮਰਜੈਂਸੀ ’ਤੇ ਰੋਕ ਲਗਵਾਉਣ ਲਈ ਮੰਗ ਪੱਤਰ ਏਡੀਸੀ ਮੇਜਰ ਅਮਿਤ ਸਰੀਨ ਨੂੰ ਭਾਰਤ ਸਰਕਾਰ ਲਈ ਸੌਂਪਿਆ ਗਿਆ।
ਇਸ ਮੌਕੇ ਨਿਮਾਣਾ ਤੇ ਦੁੱਗਰੀ ਨੇ ਕਿਹਾ ਕਿ ਬੌਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਐਮਰਜੈਂਸੀ ਫ਼ਿਲਮ ਬਣਾ ਕੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਲੇਖਕ, ਡਾਇਰੈਕਟਰ ਤੇ ਨਾਇਕਾ ਕੰਗਨਾ ਹੀ ਹੈ ਪਰ ਉਹ ਸਿੱਖ ਇਤਿਹਾਸ ਤੋਂ ਬਿਲਕੁੱਲ ਕੋਰੀ ਹੈ। ਉਨ੍ਹਾਂ ਭਾਜਪਾ ਸਰਕਾਰ ਤੋਂ ਮੰਗ ਕੀਤੀ ਕਿ ਕੰਗਨਾ ਰਣੌਤ ’ਤੇ 295-ਏ ਦਾ ਪਰਚਾ ਦਰਜ ਕਰ ਕੇ ਉਸਨੂੰ ਜੇਲ੍ਹ ਭੇਜਣਾ ਚਾਹੀਦਾ ਹੈ। ਇਸ ਮੌਕੇ ਯੂਥ ਵਿੰਗ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ, ਪਰਮਜੀਤ ਸਿੰਘ ਨੱਤ, ਸਰਪੰਚ ਨਿਰਮਲ ਸਿੰਘ ਬੇਰਕਲਾਂ, ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ ਲਾਡੋਵਾਲ, ਤਜਿੰਦਰ ਸਿੰਘ ਬਿੱਟਾ, ਮਲਵਿੰਦਰ ਸਿੰਘ,ਬਲਦੇਵ ਸਿੰਘ ਸੰਧੂ, ਜੁਝਾਰ ਸਿੰਘ, ਗੁਰਚਰਨ ਸਿੰਘ ਰਾਜਾ ਨੂਰਵਾਲਾ, ਸੁਖਵਿੰਦਰ ਸਿੰਘ ਸੁੱਖ, ਜਸਵੰਤ ਸਿੰਘ ਜੱਸਾ, ਪਰਦੀਪ ਸਿੰਘ ਗਰੇਵਾਲ, ਪ੍ਰਭਦੀਪ ਸਿੰਘ ਰੰਧਾਵਾ ਤੇ ਗੁਰਚਰਨ ਸਿੰਘ ਗਰੇਵਾਲ ਲਲਤੋਂ ਆਦਿ ਵੀ ਹਾਜ਼ਰ ਸਨ।
ਕੰਗਨਾ ਰਣੌਤ ਦੀ ਹਮਾਇਤ ’ਚ ਨਿੱਤਰੇ ਸ਼ਿਵ ਸੈਨਾ ਵਾਲੇ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਿਵ ਸੈਨਾ ਪੰਜਾਬ ਦੇ ਯੂਥ ਆਗੂ ਭਾਨੂ ਪ੍ਰਤਾਪ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੀ ‘ਐਮਰਜੈਂਸੀ’ ਫਿਲਮ ਦਾ ਸਮਰਥਨ ਕੀਤਾ। ਨੀਮ ਵਾਲਾ ਚੌਕ ਵਿੱਚ ਪ੍ਰਦਰਸ਼ਨ ਕਰਦਿਆਂ ਭਾਨੂ ਪ੍ਰਤਾਪ ਨੇ ਕਿਹਾ ਕਿ ਉਹ ਕੰਗਨਾ ਰਣੌਤ ਦੀ ਫਿਲਮ ਦਾ ਖੁੱਲ੍ਹ ਕੇ ਸਮਰਥਨ ਕਰਦੇ ਹਨ ਤੇ ਉਹ ਚਾਹੁੰਦੇ ਹਨ ਕਿ ਉਹ ਫਿਲਮ ਪੰਜਾਬ ਦੇ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਉਹ ਜਲਦ ਹੀ ਸੈਂਸਰ ਬੋਰਡ ਨੂੰ ਵੀ ਚਿੱਠੀ ਲਿੱਖਣਗੇ। ਇਹ ਫਿਲਮ ਸਿੱਧੇ ਤੌਰ ’ਤੇ ਹਿੰਦੂਆਂ ਨਾਲ ਹੋਈ ਧੱਕੇਸ਼ਾਹੀ ਦਾ ਸਾਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ।