For the best experience, open
https://m.punjabitribuneonline.com
on your mobile browser.
Advertisement

ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ

07:28 AM May 02, 2024 IST
ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ
ਪਿੰਡ ਤੁੰਗਾਂ ਵਿੱਚ ਮਈ ਦਿਵਸ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਕਿਰਤੀ ਲੋਕ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਈ
ਵੱਖ-ਵੱਖ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਵੱਖ-ਵੱਖ ਥਾਈਂ ਮਈ ਦਿਵਸ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵੱਲੋਂ ਡੀਸੀ ਕੰਪਲੈਕਸ ਵਿੱਚ ਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸਾਥੀ ਜਗਦੀਸ਼ ਸ਼ਰਮਾ ਅਤੇ ਸੀਤਾ ਰਾਮ ਸ਼ਰਮਾ ਨੇ ਮਈ ਦਿਹਾੜੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਿਕਾਗੋ ਵਿੱਚ ਮਜ਼ਦੂਰਾਂ ਉਪਰ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ ਪਰ ਸਰਕਾਰਾਂ ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਣ ਲਈ ਮਜਬੂਰ ਹੋਈਆਂ ਅਤੇ ਕੰਮ ਦਾ ਸਮਾਂ ਅੱਠ ਘੰਟੇ ਕਰਨਾ ਪਿਆ। ਹੁਣ ਫਿਰ ਦੇਸ਼ ਦੀਆਂ ਸਰਕਾਰਾਂ ਮਜ਼ਦੂਰਾਂ ਦੇ ਕੰਮ ਕਰਨ ਦਾ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਜਾ ਰਹੀਆਂ ਹਨ। ਇਸ ਲਈ ਅੱਜ ਦੇ ਇਤਿਹਾਸਕ ਦਿਹਾੜੇ ਤੋਂ ਸੰਘਰਸ਼ਾਂ ਦੇ ਸੰਕਲਪ ਕਰਨ ਦੀ ਲੋੜ ਹੈ।
ਮਈ ਦਿਵਸ ’ਤੇ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਸੰਗਰੂਰ ਵੱਲੋਂ ਸਤਪਾਲ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਇੰਟਕ ਅਤੇ ਦਵਿੰਦਰ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਯੂਥ ਇੰਟਕ ਸੰਗਰੂਰ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸਿਵਲ ਹਸਪਤਾਲ ਦੇ ਗੇਟ ਉਪਰ ਝੰਡਾ ਲਹਿਰਾਇਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ।
ਪਿੰਡ ਤੁੰਗਾਂ ਦੀ ਅਨਾਜ ਮੰਡੀ ਵਿੱਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਨੌਜਵਾਨ ਆਗੂ ਤੇ ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਕਾਮਰੇਡ ਸਤਵੀਰ ਤੁੰਗਾਂ, ਸੀਟੂ ਆਗੂ ਕਾਮਰੇਡ ਰਾਮ ਸਿੰਘ ਸੋਹੀਆਂ ਨੇ ਕਿਹਾ ਕਿ ਅੱਜ ਦੇਸ਼ ਦੀ ਸੱਤਾ ਤੇ ਬਿਰਾਜਮਾਨ ਫਿਰਕਾਪ੍ਰਸਤ ਤੇ ਕਾਰਪੋਰੇਟ ਘਰਾਣਿਆਂ ਦੀ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ। ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਸਥਾਨਕ ਡਿਪੂ ਅੱਗੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਵਰਕਰਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਲਾਮਬੰਦ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਸੁਖਜਿੰਦਰ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਜੱਸੜ, ਲਖਵਿੰਦਰ ਸਿੰਘ ਬਿੱਟੂ, ਕਰਮਜੀਤ ਸਿੰਘ ਕਰਮਾ ਆਦਿ ਨੇ ਕਿਹਾ ਕਿ ਜੇਕਰ ਤਨਖਾਹ ਸਮੇਂ ਸਿਰ 7 ਤਰੀਕ ਤੱਕ ਨਹੀਂ ਪਾਈ ਜਾਂਦੀ ਤਾਂ ਰੋਸ ਵਜੋਂ 8 ਤਰੀਖ ਨੂੰ ਸਾਰੇ ਡਿਪੂਆਂ ਵਿੱਚ ਡਿੱਪੂ ਮੀਟਿੰਗਾਂ ਕਰਕੇ ਗੇਟ ਰੈਲੀਆਂ ਕੀਤੀਆ ਜਾਣਗੀਆਂ ਅਤੇ 10 ਮਈ ਨੂੰ ਤਨਖਾਹ ਦੇ ਸਬੰਧ ਵਿੱਚ 2 ਘੰਟੇ ਲਈ ਬੱਸਾਂ ਦਾ ਚੱਕਾ ਜਾਮ ਕਰਕੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਅਤੇ 15 ਮਈ ਤੋਂ ਕੰਮ ਨਹੀਂ ਤਾਂ ਤਨਖਾਹ ਨਹੀਂ ਦੇ ਨਾਅਰੇ ਹੇਠ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਅਤੇ 16 ਮਈ ਨੂੰ ਟਰਾਂਸਪੋਰਟ ਮੰਤਰੀ ਦੇ ਸੰਸਦੀ ਹਲਕੇ ਖਡੂਰ ਸਾਹਿਬ ਵਿਖੇ ਵਿਸ਼ਾਲ ਝੰਡਾ ਮਾਰਚ ਅਤੇ ਰੋਸ ਰੈਲੀ ਕੀਤੀ ਜਾਵੇਗੀ।

Advertisement

ਅੰਗਰੇਜ਼ਾਂ ਦੇ ਜਾਣ ਮਗਰੋਂ ਵੀ ਨਹੀਂ ਸੁਧਰੇ ਦੇਸ਼ ਦੇ ਹਾਲਾਤ: ਮਾਨ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਵੇਂ ਅੱਜ ਦੁਨੀਆਂ ਭਰ ਵਿਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਅੰਗਰੇਜ਼ਾਂ ਦੇ ਜਾਣ ਤੋਂ 77 ਸਾਲਾਂ ਬਾਅਦ ਵੀ ਦੇਸ਼ ਦੇ ਗਰੀਬ ਮਜ਼ਦੂਰਾਂ ਦੇ ਹਾਲਾਤ ਨਹੀਂ ਸੁਧਰੇ। ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਅਮੀਰ ਹੋਰ ਅਮੀਰ ਹੋ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਇੱਥੇ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ’ਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1947 ਤੋਂ ਬਾਅਦ ਹੁਣ ਤੱਕ ਬਣੀਆਂ ਸਾਰੀਆਂ ਸਰਕਾਰਾਂ ਨੇ ਗਰੀਬ ਮਜਦੂਰਾਂ ਨਾਲ ਸਿਰਫ਼ ਝੂਠੇ ਵਾਅਦੇ ਹੀ ਕੀਤੇ ਹਨ। ਕੇਂਦਰ ਵਿੱਚ ਚਾਹੇ ਇੰਦਰਾ ਗਾਂਧੀ ਦੀ ਸਰਕਾਰ ਰਹੀ ਹੋਵੇ ਜਾਂ ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਹੋਵੇ, ਇਨ੍ਹਾਂ ਨੇ ਮਜ਼ਦੂਰਾਂ ਦੇ ਨਾਂ ’ਤੇ ਝੂਠੇ ਸਲੋਗਨ ਤਾਂ ਦਿੱਤੇ ਪਰ ਉਨ੍ਹਾਂ ਉੱਪਰ ਅਮਲ ਨਹੀਂ ਕੀਤਾ। ਮਾਨ ਨੇ ਦੱਸਿਆ ਕਿ ਉਹ ਰੋਜ਼ਾਨਾ ਪਿੰਡਾਂ ਵਿੱਚ ਜਾਂਦੇ ਹਨ ਅਤੇ ਵੱਡੀ ਗਿਣਤੀ ਗਰੀਬ ਲੋਕ ਉਨ੍ਹਾਂ ਨੂੰ ਮਿਲਦੇ ਹਨ, ਜਿਨ੍ਹਾਂ ਦੇ ਹਾਲਾਤ ਬੇਹੱਦ ਤਰਸਯੋਗ ਹਨ। ਕਈ ਪਰਿਵਾਰਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗਰੀਬਾਂ ਦੇ ਤਰਸਯੋਗ ਹਾਲਾਤਾਂ ਨੂੰ ਬਦਲਣ ਲਈ ਸਰਕਾਰਾਂ ਖ਼ਿਲਾਫ਼ ਇੱਕਜੁਟ ਹੋ ਕੇ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ।

Advertisement
Author Image

sukhwinder singh

View all posts

Advertisement
Advertisement
×