ਚੰਡੀਗੜ੍ਹ ਨਗਰ ਨਿਗਮ ਵੱਲੋਂ ਜ਼ੀਰੋ ਵੇਸਟ ਛੱਠ ਪੂਜਾ ਦਾ ਪ੍ਰਬੰਧ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਨਵੰਬਰ
ਚੰਡੀਗੜ੍ਹ ਵਿਖੇ ਚਾਰ ਰੋਜ਼ਾ ਤਿਉਹਾਰ ਛੱਠ ਨੂੰ ਲੈ ਕੇ ਵੱਖ ਥਾਵਾਂ ’ਤੇ ਪ੍ਰੋਗਰਾਮ ਕੀਤੇ ਗਏ ਅਤੇ ਪੁਰਵਾਂਚਲ ਵਾਸੀਆਂ ਨੇ ਰਿਵਾਇਤੀ ਢੰਗ ਨਾਲ ਸ਼ਾਮ ਵੇਲੇ ਛੱਠ ਪੂਜਾ ਕੀਤੀ। ਚੰਡੀਗੜ੍ਹ ਨਗਰ ਨਿਗਮ ਨੇ ਇਸ ਸਾਲ ਛੱਠ ਪੂਜਾ ਨੂੰ ਲੈਕੇ ਇਥੇ ਇੰਦਰਾ ਕਲੋਨੀ ਮਨੀਮਾਜਰਾ ਵਿਖੇ ਰਸਮ ਨਿਭਾਉਣ ਲਈ ਇਸ ਆਰਜ਼ੀ ਤੌਰ ਤੇ ਸਰੋਵਰ ਤਿਆਰ ਕੀਤਾ ਹੈ। ਇਸਤੋਂ ਇਲਾਵਾ ਇਥੇ ਸੈਕਟਰ 42 ਸਥਿਤ ਨਿਊ ਲੇਕ ਵਿੱਚ ਵੀ ਛੱਠ ਪੂਜਾ ਨੂੰ ਲੈਕੇ ਸ਼ਰਧਾਲੂਆਂ ਦੀ ਖਾਸੀ ਭੀੜ ਰਹੀ। ਇਸੇ ਤਰ੍ਹਾਂ ਮਲੋਆ ਸਮੇਤ ਧਨਾਸ ਅਤੇ ਹੋਰ ਇਲਾਕਿਆਂ ਵਿੱਚ ਵੀ ਲੋਕਾਂ ਨੇ ਆਪਣੇ ਆਪਣੇ ਪੱਧਰ ਤੇ ਛੱਠ ਪੂਜਾ ਦੇ ਇੰਤਜ਼ਾਮ ਕੀਤੇ ਹੋਏ ਹਨ। ਨਗਰ ਨਿਗਮ ਵੱਲੋਂ ਇਥੇ ਇੰਦਰਾ ਕਲੋਨੀ ਵਿੱਚ ਛੱਠ ਪੂਜਾ ਤਿਉਹਾਰ ਦੇ ਮਾਹੌਲ ਨੂੰ ਵਧਾਉਣ ਲਈ ਪ੍ਰਸਿੱਧ ਭੋਜਪੁਰੀ ਗਾਇਕਾਂ ਦੁਆਰਾ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਪੇਸ਼ਕਾਰੀਆਂ ਦਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਛਠ ਪੂਜਾ ਲਾਈ ਪੁੱਜੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਛੱਠ ਪੂਜਾ ਦਾ ਇਹ ਅਨੋਖਾ ਜਸ਼ਨ ਚੰਡੀਗੜ੍ਹ ਨਗਰ ਨਿਗਮ ਦੀ ਆਪਣੇ ਨਾਗਰਿਕਾਂ ਲਈ ਸਮਾਵੇਸ਼ੀ ਅਤੇ ਆਨੰਦਮਈ ਅਨੁਭਵ ਪੈਦਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਇਲਾਕਾ ਕੌਂਸਲਰ ਸੁਮਨ ਦੇਵੀ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਉਧਰ ਸੈਕਟਰ 42 ਸਥਿਤ ਨਿਊ ਲੇਕ ਵਿਖੇ ਵੀ ਛੱਠ ਪੂਜਾ ਨੂੰ ਲੈਕੇ ਖਾਸੀ ਭੀੜ ਰਹੀ। ਝੀਲ ਦੇ ਆਲੇ ਦੁਆਲੇ ਦੀਆਂ ਸੜਕਾਂ ’ਤੇ ਚੰਡੀਗੜ੍ਹ ਟ੍ਰੈਫਿਕ ਪੁਲੀਸ ਨੇ ਵਾਹਨਾਂ ਦੀ ਆਵਾਜਾਈ ਅਤੇ ਸ਼ਰਧਾਲੂਆਂ ਦੀ ਭੀੜ ਨੂੰ ਲੈਕੇ ਉਚੇਚੇ ਇੰਤਜ਼ਾਮ ਕੀਤੇ ਹੋਏ ਸਨ।
ਪੁਰਵਾਂਚਲ ਸੰਗਠਨ ਕਮੇਟੀ ਵੱਲੋਂ ਮਲੋਆ ਸਥਿਤ ਸਰੋਵਰ ਵਿਖੇ ਛਠ ਤਿਉਹਾਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮਲੋਆ ਸਮੇਤ ਡੱਡੂ ਮਾਜਰਾ, ਸੈਕਟਰ 39, ਜੁਝਾਰ ਨਗਰ ਅਤੇ ਮਲੋਆ ਦੇ ਆਸ-ਪਾਸ ਦੀਆਂ ਸਾਰੀਆਂ ਕਲੋਨੀਆਂ ਅਤੇ ਪਿੰਡਾਂ ਦੇ ਕੋਨੇ-ਕੋਨੇ ਤੋਂ ਕਰੀਬ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਛੱਠ ਦੀ ਪਹਿਲੀ ਪੂਜਾ ਕਰਨ ਲਈ ਇੱਥੇ ਪੁੱਜੇ। ਪੰਜ ਨਵੰਬਰ ਤੋਂ ਨਹਾਏ-ਖਾਏ ਦੇ ਨਾਲ ਸ਼ੁਰੂ ਹੋਈ ਛਠ ਪੂਜਾ ਭਲਕੇ ਚੜ੍ਹਦੇ ਸੂਰਜ ਦੀ ਪੂਜਾ ਕਰਨ ਤੋਂ ਬਾਅਦ ਸਮਾਪਤ ਹੋ ਜਾਵੇਗੀ।