For the best experience, open
https://m.punjabitribuneonline.com
on your mobile browser.
Advertisement

ਬਾਸਮਤੀ ਦੀ ਜੈਵਿਕ ਕਾਸ਼ਤ

08:00 AM May 18, 2024 IST
ਬਾਸਮਤੀ ਦੀ ਜੈਵਿਕ ਕਾਸ਼ਤ
Advertisement

ਅਮਨਦੀਪ ਸਿੰਘ ਸਿੱਧੂ/ਵਜਿੰਦਰ ਪਾਲ ਕਾਲੜਾ/ਸੋਹਨ ਸਿੰਘ ਵਾਲੀਆ*

Advertisement

ਬਾਸਮਤੀ ਸਾਡੇ ਖਿੱਤੇ ਦਾ ਇੱਕ ਖ਼ਾਸ ਉਤਪਾਦ ਹੈ ਜਿਸ ਦੀ ਉੱਤਮ ਗੁਣਵੱਤਾ ਅਤੇ ਖੁਸ਼ਬੋ ਸਦਕਾ ਇਸ ਨੂੰ ਨਿਰਯਾਤ ਕੀਤੇ ਜਾਣ ਵਾਲੇ ਉਤਪਾਦਾਂ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਲ ਹੈ। ਪੰਜਾਬ ਵਿੱਚ ਪੈਦਾ ਕੀਤੀ ਬਾਸਮਤੀ ਦਾ ਜੀਆਈ (ਭੂਗੋਲਿਕ ਸੰਕੇਤ) ਟੈਗ ਇਸ ਦੇ ਨਿਰਯਾਤ ਮੁੱਲ ਨੂੰ ਹੋਰ ਵੀ ਵਧਾਉਂਦਾ ਹੈ। ਲਗਾਤਾਰ ਵਧ ਰਹੀ ਨਿਰਯਾਤ ਮੰਗ ਕਰ ਕੇ ਕਿਸਾਨਾਂ ਨੇ ਵੀ ਬਾਸਮਤੀ ਹੇਠ ਰਕਬਾ ਵਧਾਉਣਾ ਸ਼ੁਰੂ ਕੀਤਾ ਹੈ। ਨਿਰਯਾਤ ਕੀਤੀ ਗਈ ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ ਆਉਣ ਕਰ ਕੇ ਅਕਸਰ ਇਸ ਦੇ ਮੰਡੀਕਰਨ ਅਤੇ ਭੁਗਤਾਨ ਸਬੰਧੀ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਜੋ ਕਈ ਵਾਰ ਨਿਰਯਾਤ ’ਤੇ ਪਾਬੰਦੀਆਂ ਦਾ ਕਾਰਨ ਬਣਦੀਆਂ ਹਨ। ਇਸ ਲਈ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ ਤੋਂ ਮੁਕਤ ਅਤੇ ਸੁਰੱਖਿਅਤ ਉਪਜ ਪੈਦਾ ਕਰਨ ਲਈ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਸਿਰਫ਼ ਸਿਫ਼ਾਰਸ਼ ਕੀਤੇ ਖੇਤੀ ਰਸਾਇਣ ਹੀ ਵਰਤੇ ਜਾਣੇ ਚਾਹੀਦੇ ਹਨ। ਜੈਵਿਕ ਉਪਜ ’ਤੇ ਪ੍ਰੀਮੀਅਮ ਮਿਲਣ ਕਾਰਨ ਇਸ ਦੀ ਜੈਵਿਕ ਖੇਤੀ ਮੁਨਾਫ਼ੇ ਨੂੰ ਹੋਰ ਵੀ ਵਧਾ ਸਕਦੀ ਹੈ ਅਤੇ ਨਾਲ ਹੀ ਝੋਨੇ ਦਾ ਬਦਲ ਦੇ ਕੇ ਕੁਦਰਤੀ ਸਰੋਤਾਂ ਨੂੰ ਬਚਾਉਣ ਵਿੱਚ ਵੀ ਮਦਦ ਕਰੇਗੀ। ਜੈਵਿਕ ਖੇਤੀ ਲਈ ਬਾਸਮਤੀ ਬਹੁਤ ਹੀ ਢੁਕਵੀਂ ਫ਼ਸਲ ਹੈ ਕਿਉਂਕਿ ਇਸ ਦੀ ਖ਼ੁਰਾਕੀ ਤੱਤਾਂ ਦੀ ਲੋੜ ਘੱਟ ਹੈ ਅਤੇ ਸਿਰਫ਼ ਹਰੀ ਖਾਦ ਵਾਹ ਕੇ ਹੀ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ। ਬਾਸਮਤੀ ਦੀ ਸਫ਼ਲ ਜੈਵਿਕ ਕਾਸ਼ਤ ਲਈ ਉਤਪਾਦਨ ਅਤੇ ਪੌਦ-ਸੁਰੱਖਿਅਤ ਤਕਨੀਕਾਂ ਹੇਠ ਲਿਖੇ ਅਨੁਸਾਰ ਹਨ:
ਹਰੀ ਖਾਦ: ਕਣਕ ਦੀ ਵਾਢੀ ਤੋਂ ਬਾਅਦ ਢੈਂਚਾਂ, ਸਣ ਜਾਂ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਕਰੋ। ਹਰੀ ਖਾਦ ਦੀ ਫ਼ਸਲ ਨੂੰ ਬਿਨਾਂ ਵਾਹੇ ਜ਼ੀਰੋ ਟਿਲ ਡਰਿੱਲ ਨਾਲ ਵੀ ਬੀਜਿਆ ਜਾ ਸਕਦਾ ਹੈ। ਹਰੀ ਖਾਦ ਨੂੰ ਲਗਪਗ 50 ਦਿਨਾਂ ਬਾਅਦ ਬਾਸਮਤੀ ਦੀ ਲੁਆਈ ਤੋਂ ਵਾਹ ਦਿਉ।
ਪਨੀਰੀ ਦੀ ਬਿਜਾਈ ਅਤੇ ਲੁਆਈ: ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚੋਂ ਕੋਈ ਵੀ ਕਿਸਮ ਬੀਜੀ ਜਾ ਸਕਦੀ ਹੈ। ਬੀਜ ਦੀ ਮਾਤਰਾ, ਲੁਆਈ ਦਾ ਸਮਾਂ ਅਤੇ ਢੰਗ ਰਵਾਇਤੀ ਫ਼ਸਲ ਅਨੁਸਾਰ ਹੀ ਰੱਖੋ ਪਰ ਕਿਸੇ ਵੀ ਰਸਾਇਣਕ ਖਾਦ, ਉੱਲੀਨਾਸ਼ਕ, ਨਦੀਨਾਸ਼ਕ ਜਾਂ ਕੀਟਨਾਸ਼ਕ ਦੀ ਵਰਤੋਂ ਨਹੀਂ ਕਰਨੀ। ਪੈਰ ਗਲਣ ਦੇ ਰੋਗ ਦੀ ਰੋਕਥਾਮ ਲਈ ਬੀਜ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਅਨੁਸਾਰ ਸੋਧ ਲਵੋ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਵੀ ਇਸ ਦੀਆਂ ਜੜ੍ਹਾਂ ਨੂੰ ਟ੍ਰਾਈਕੋਡਰਮਾ ਹਰਜੀਐਨਮ 15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 6 ਘੰਟੇ ਡੁਬੋ ਕੇ ਰੱਖੋ। ਇਸ ਤੋਂ ਬਾਅਦ ਐਜ਼ੋਸਪਾਇਰੀਲਮ ਜੀਵਾਣੂੰ ਖਾਦ ਦੇ ਇੱਕ ਪੈਕੇਟ ਨੂੰ ਪਾਣੀ ਵਿੱਚ ਘੋਲ ਲਓ ਅਤੇ ਇੱਕ ਏਕੜ ਲਈ ਪਨੀਰੀ ਦੀਆਂ ਜੜ੍ਹਾਂ ਨੂੰ ਇਸ ਘੋਲ ਵਿੱਚ 45 ਮਿੰਟਾਂ ਲਈ ਡੁਬੋ ਕੇ ਖੇਤ ਵਿੱਚ ਲਗਾਉ। ਬਿਮਾਰੀ ਵਾਲੇ ਬੂਟਿਆਂ ਨੂੰ ਖੇਤ ਵਿੱਚੋਂ ਪੱਟ ਦੇਣਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ: ਜੈਵਿਕ ਖੇਤੀ ਵਿੱਚ ਰਸਾਇਣਕ ਨਦੀਨਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਇਸ ਲਈ ਲੁਆਈ ਤੋਂ 20-25 ਦਿਨ ਬਾਅਦ ਤੱਕ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖੋ। ਲੋੜ ਅਨੁਸਾਰ ਹੱਥਾਂ ਨਾਲ ਵੀ ਖੇਤ ਵਿੱਚੋਂ ਨਦੀਨਾਂ ਨੂੰ ਕੱਢਿਆ ਜਾ ਸਕਦਾ ਹੈ।
ਕੀਟ ਅਤੇ ਰੋਗ ਪ੍ਰਬੰਧ: ਤਣੇ ਦੇ ਗੜੂੰਏ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ ਟ੍ਰਾਈਕੋਕਾਰਡਾਂ ਨੂੰ ਪਨੀਰੀ ਬੀਜਣ ਤੋਂ 30 ਦਿਨਾਂ ਬਾਅਦ ਸ਼ੁਰੂ ਕਰਦੇ ਹੋਏ ਹਫ਼ਤੇ-ਹਫ਼ਤੇ ਦੇ ਅੰਤਰ ਤੇ 5-6 ਵਾਰੀ ਵਰਤੋ। ਇਨ੍ਹਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਕੱਟੋ ਅਤੇ ਪੱਤਿਆਂ ਦੇ ਹੇਠਲੇ ਪਾਸੇ ਖੇਤ ਵਿੱਚ 40 ਥਾਵਾਂ ਤੇ ਇਕਸਾਰ ਦੂਰੀ ’ਤੇ ਪਿੰਨ ਨਾਲ ਨੱਥੀ ਕਰ ਦੇਵੋ। ਇਨ੍ਹਾਂ ਕੀੜਿਆਂ ਦੀ ਰੋਕਥਾਮ ਨਿੰਮ ਆਧਾਰਤ ਬਾਇਓ-ਕੀਟਨਾਸ਼ਕਾਂ ਜਿਵੇਂ ਕਿ 80 ਮਿਲੀਲਿਟਰ ਈਕੋਟਿਨ (ਅਜ਼ੈਦੀਰੈਕਟਿਨ 5%) ਜਾਂ ਇੱਕ ਲਿਟਰ ਨੀਮ ਕਵਚ/ਅਚੂਕ (ਅਜ਼ੈਦੀਰੈਕਟਿਨ 0.15%) ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਵੀ ਕੀਤੀ ਜਾ ਸਕਦੀ ਹੈ। ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਜਾਉ ਅਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਖੇਤ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
ਮੰਡੀਕਰਨ ਅਤੇ ਪ੍ਰਮਾਣੀਕਰਨ: ਮੰਡੀਕਰਨ ਜੈਵਿਕ ਖੇਤੀ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਪਰ ਅਜੇ ਤੱਕ ਕੋਈ ਵੀ ਸੰਗਠਿਤ ਮੰਡੀਕਰਨ ਪ੍ਰਣਾਲੀ ਨਹੀਂ ਹੈ। ਇਸ ਲਈ ਸ਼ੁਰੂਆਤ ਵਿੱਚ ਬਾਸਮਤੀ ਦੀ ਕਾਸ਼ਤ ਉਨੇ ਰਕਬੇ ’ਤੇ ਹੀ ਕਰੋ ਜਿਸ ਨਾਲ ਘਰੇਲੂ ਅਤੇ ਸਥਾਨਕ ਮੰਡੀ ਦੀਆਂ ਲੋੜਾਂ ਪੂਰੀਆਂ ਹੋ ਸਕਣ। ਮੰਡੀਕਰਨ ਦੇ ਲੋੜੀਂਦੇ ਪ੍ਰਬੰਧ ਹੋਣ ’ਤੇ ਇਸ ਹੇਠ ਰਕਬਾ ਵਧਾਉ। ਜੈਵਿਕ ਉਤਪਾਦਾਂ ਵਿੱਚ ਖ਼ਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਖੇਤੀ ਫਾਰਮ ਨੂੰ ਜੈਵਿਕ ਪ੍ਰਮਾਣਿਤ ਕਰਵਾਉਣਾ ਚਾਹੀਦਾ ਹੈ। ਪ੍ਰਮਾਣੀਕਰਨ ਕਰਵਾਉਣ ਲਈ ਨਿਰੀਖਣ ਅਤੇ ਪ੍ਰਮਾਣੀਕਰਨ ਏਜੰਸੀਆਂ ਬਾਰੇ ਵਿਸਥਾਰਤ ਜਾਣਕਾਰੀ ਅਪੀਡਾ (APEDA) ਦੀ ਵੈੱਬਸਾਈਟ www.apeda.gov.in ਤੋਂ ਲਈ ਜਾ ਸਕਦੀ ਹੈ।
*ਸਕੂਲ ਆਫ ਆਰਗੈਨਿਕ ਫਾਰਮਿੰਗ।

Advertisement
Author Image

joginder kumar

View all posts

Advertisement
Advertisement
×