For the best experience, open
https://m.punjabitribuneonline.com
on your mobile browser.
Advertisement

ਬਿਗਾਨੀ ਕੌਫ਼ੀ

10:11 AM Jan 18, 2024 IST
ਬਿਗਾਨੀ ਕੌਫ਼ੀ
Advertisement

ਨਰਿੰਦਰਜੀਤ ਸਿੰਘ ਬਰਾੜ

Advertisement

ਟਰਨ ਟਰਨ, ਟਰਨ ਟਰਨ, ‘‘ਹੈਲੋ ਜੀ।’’
‘‘ਕੀ ਹਾਲ ਨੇ ਪ੍ਰੋਫੈਸਰ ਸਾਹਿਬ?’’
‘‘ਚੜ੍ਹਦੀ ਕਲਾ ਗਿੱਲ ਸਾਹਿਬ। ਤੁਸੀਂ ਸੁਣਾਓ ਕੀ ਹਾਲ ਨੇ। ਕਿਵੇਂ ਯਾਦ ਕੀਤਾ?’’
‘‘ਠੀਕ ਹੈ ਜੀ। ਸਾਡੇ ਐੱਸ.ਐੱਸ.ਪੀ. ਸਾਹਿਬ ਆਏ ਨੇ ਨਵੇਂ। ਚੰਗੇ ਇਨਸਾਨ ਨੇ। ਕੁਝ ਚੰਗਾ ਕਰਨ ਦਾ ਜਜ਼ਬਾ ਹੈ ਸਾਹਿਬ ਵਿੱਚ। ਪੁਲੀਸ ਦੀ ਛਵੀ ਨੂੰ ਵੀ ਸੁਧਾਰਨਾ ਚਾਹੁੰਦੇ ਨੇ।’’
‘‘ਇਹ ਤਾਂ ਬਹੁਤ ਵਧੀਆ ਗੱਲ ਹੈ। ਪੰਜਾਬ ਪੁਲੀਸ ਵਿੱਚ ਚੰਗੇ ਅਫ਼ਸਰਾਂ ਦੀ ਘਾਟ ਨਹੀਂ, ਬਥੇਰੇ ਨੇ ਜੋ ਸਮਾਜ ਨੂੰ ਸੁਧਾਰਨਾ ਚਾਹੁੰਦੇ ਨੇ।’’
‘‘ਮੈਂ ਦੱਸਿਆ ਸੀ ਤੁਹਾਡੇ ਬਾਰੇ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਤੁਹਾਡੇ ਵਿਦਿਆਰਥੀਆਂ ਨੂੰ ਵੀ ਮਿਲਣਾ ਚਾਹੁੰਦੇ ਨੇ। ਘੱਟੋ ਘੱਟ ਵੀਹ ਦੇ ਕਰੀਬ ਮੁੰਡੇ ਕੁੜੀਆਂ ਲੈ ਕੇ, ਤੁਸੀਂ ਹੁਣੇ ਆ ਜਾਵੋ।’’
‘‘ਬਹੁਤ ਚੰਗੀ ਗੱਲ ਹੈ ਗਿੱਲ ਸਾਹਿਬ, ਇਸ ਤਰ੍ਹਾਂ ਦੇ ਪ੍ਰੋਗਰਾਮ ਪੰਜਾਬ ਪੁਲੀਸ ਨੂੰ ਉਲੀਕਣੇ ਚਾਹੀਦੇ ਨੇ। ਆਉਂਦੇ ਹਾਂ ਪੰਦਰਾਂ ਵੀਹ ਮਿੰਟਾਂ ਵਿੱਚ।’’
‘‘ਬਾਈ ਜੀ, ਕਿਸ ਦਾ ਫ਼ੋਨ ਸੀ?’’
‘‘ਪ੍ਰੋਫੈਸਰ ਮਨਿੰਦਰ, ਡੀ.ਐੱਸ.ਪੀ. ਗਿੱਲ ਦਾ ਫ਼ੋਨ ਸੀ। ਨਵੇਂ ਐੱਸ.ਐੱਸ.ਪੀ. ਸਾਹਿਬ ਆਏ ਨੇ। ਤੁਸੀਂ ਪੰਦਰਾਂ ਵੀਹ ਮੁੰਡੇ ਕੁੜੀਆਂ ਇਕੱਠੇ ਕਰੋ। ਉਨ੍ਹਾਂ ਨੂੰ ਮਿਲਣ ਜਾਣਾ ਹੈ ਆਪਾਂ। ਤੁਸੀਂ ਬੀ.ਐੱਸਸੀ. ਵਾਲੇ ਵਿਦਿਆਰਥੀਆਂ ਨੂੰ ਨਾਲ ਲੈ ਲਉ। ਤੁਹਾਡੇ ਵਿਭਾਗ ਦੇ ਵਿਦਿਆਰਥੀ ਦਲੇਰ ਵੀ ਨੇ ਤੇ ਸਿਆਣੇ ਵੀ। ਇਹ ਨੌਜਵਾਨ ਵਿਦਿਆਰਥੀ ਹਿਤਾਂ ਲਈ ਲੜਦੇ ਵੀ ਰਹਿੰਦੇ ਨੇ, ਚੰਗੀ ਗੱਲਬਾਤ ਵੀ ਕਰ ਲੈਂਦੇ ਨੇ।’’
ਕਾਹਲੀ ਨਾਲ ਮੁੰਡੇ ਕੁੜੀਆਂ ਇਕੱਠੇ ਕੀਤੇ ਤੇ ਅਸੀਂ ਉੱਥੇ ਪਹੁੰਚ ਗਏ। ਐੱਸ.ਐੱਸ.ਪੀ. ਸਾਹਿਬ ਖ਼ੁਦ ਬਾਹਰ ਲੈਣ ਆਏ। ਵਿਦਿਆਰਥੀਆਂ ਦਾ ਸੁਆਗਤ ਦੋ ਗੁਲਦਸਤਿਆਂ ਨਾਲ ਕੀਤਾ ਗਿਆ।
‘‘ਪ੍ਰੋਫੈਸਰ ਵਰਿੰਦਰ, ਗਿੱਲ ਸਾਹਿਬ ਤੁਹਾਡੀ ਬਹੁਤ ਤਾਰੀਫ਼ ਕਰ ਰਹੇ ਸਨ।’’ ‘‘ਇਹ ਤਾਂ ਗਿੱਲ ਸਾਹਿਬ ਦਾ ਵਡੱਪਣ ਹੈ ਜੀ।’’
‘‘ਵਿਦਿਆਰਥੀ ਸਾਥੀਓ, ਤੁਹਾਡਾ ਮੇਰੇ ਦਫ਼ਤਰ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਸਮਾਜ ਦੀਆਂ ਸਮੱਸਿਆਂਵਾਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਤੁਹਾਡੇ ਕਾਲਜ ਦੇ ਵਿਦਿਆਰਥੀਆਂ ਵਿੱਚ ਨਸ਼ੇ ਦੀ ਕੀ ਸਥਿਤੀ ਹੈ।’’
‘‘ਮੇਰਾ ਨਾਮ ਰਮਨ ਹੈ ਸਰ ਜੀ। ਮੈਂ ਬੀ.ਐੱਸਸੀ. ਦਾ ਵਿਦਿਆਰਥੀ ਹਾਂ। ਸਾਡੇ ਕਾਲਜ ਵਿੱਚ ਕੋਈ ਵਿਦਿਆਰਥੀ ਨਸ਼ਾ ਨਹੀਂ ਕਰਦਾ। ਨਸ਼ੇ ਕਰਨ ਅਤੇ ਇਸ ਦਾ ਕਾਰੋਬਾਰ ਕਰਨ ਵਾਲੇ ਕਾਲਜ ਦੇ ਵਿਦਿਆਰਥੀ ਨਹੀਂ ਹਨ। ਸਾਰੇ ਸ਼ਹਿਰ ਦੀ ਮੁੰਡੀਹਰ ਕਾਲਜ ਆਉਂਦੀ ਹੈ, ਨਾਜਾਇਜ਼ ਅਸਲਾ ਵੀ ਰੱਖਦੀ ਹੈ। ਨਸ਼ਾ ਪੱਤਾ ਵੀ ਕਰਦੀ ਹੋਵੇਗੀ। ਬਦਨਾਮ ਅਸੀਂ ਹੁੰਦੇ ਹਾਂ। ਪੁਲੀਸ ਨੂੰ ਸਭ ਕੁਝ ਪਤਾ ਹੈ ਜੀ।’’
‘‘ਲੜਕੀਆਂ ਵਿੱਚੋਂ ਦੱਸੋ, ਕਿਸੇ ਕਿਸਮ ਦੀ ਕੋਈ ਸਮੱਸਿਆ?’’
‘‘ਸਰ ਜੀ, ਮੇਰਾ ਨਾਮ ਮਨਜੀਤ ਕੌਰ ਹੈ। ਮੈਂ ਕਾਲਜ ਤੋਂ ਘਰ ਜਾ ਰਹੀ ਸੀ। ਮੋਟਰਸਾਈਕਲ ’ਤੇ ਦੋ ਮੁੰਡੇ ਆਏ। ਮੇਰਾ ਮੋਬਾਈਲ ਖੋਹ ਕੇ ਲੈ ਗਏ। ਥਾਣੇ ਗਏ ਤਾਂ ਉੱਥੇ ਕਿਸੇ ਨੇ ਵਾਤ ਨਹੀਂ ਪੁੱਛੀ।’’
‘‘ਹਾਂ ਜੀ ਕਾਕਾ ਜੀ, ਤੁਹਾਡੇ ਕੀ ਵਿਚਾਰ ਨੇ?’’
‘‘ਮੇਰਾ ਨਾਮ ਜਗਦੀਪ ਸਿੰਘ ਹੈ ਸਰ ਜੀ। ਮੇਰਾ ਭਰਾ ਪੁਲੀਸ ਵਿੱਚ ਹੈ। ਉਸ ਨੇ ਚਿੱਟਾ ਵੇਚਣ ਵਾਲਾ ਇੱਕ ਬੰਦਾ ਫੜ ਲਿਆ ਸੀ। ਉਸ ਦਾ ਕੇਸ ਤਿਆਰ ਕਰਵਾਉਣ ਵਾਸਤੇ ਅਫ਼ਸਰਾਂ ਨਾਲ ਗੱਲ ਕੀਤੀ। ਮੇਰੇ ਭਰਾ ਦੇ ਹਾਈਕੋਰਟ ਤੱਕ ਪੰਜਾਹ ਹਜ਼ਾਰ ਰੁਪਏ ਕੋਲੋਂ ਲੱਗ ਗਏ। ਉਹ ਕਹਿੰਦਾ ਅੱਜ ਤੋਂ ਬਾਅਦ ਨਹੀਂ ਫੜਨਾ ਚਿੱਟੇ ਵਾਲਾ।’’
‘‘ਹੋਰ ਕੋਈ ਵਿਦਿਆਰਥੀ ਕੁਝ ਕਹਿਣਾ ਚਾਹੁੰਦਾ ਹੈ?’’
‘‘ਮੇਰਾ ਨਾਮ ਲਵਪ੍ਰੀਤ ਹੈ ਸਰ ਜੀ, ਪੁਲੀਸ ਦਾ ਮਨੋਬਲ ਸਾਡੇ ਆਗੂ ਨਹੀਂ ਬਣਨ ਦਿੰਦੇ। ਪੁਲੀਸ ਦੋਸ਼ੀ ਨੂੰ ਫੜ ਕੇ ਮਗਰੋਂ ਲਿਆਉਂਦੀ ਹੈ, ਆਗੂਆਂ ਦਾ ਫ਼ੋਨ ਪਹਿਲਾਂ ਆ ਜਾਂਦਾ ਹੈ ਤੇ ਪੁਲੀਸ ਅਫ਼ਸਰ ਨੂੰ ਕਹਿੰਦੇ ਨੇ, ‘ਆਪਣਾ ਹੀ ਬੰਦਾ ਹੈ। ਛੱਡ ਦੇਵੋ ਇਸ ਨੂੰ।’ ਸਾਡੇ ਸਮਾਜ ਵਿੱਚ ਚੰਗਾ ਕਰਨ ਵਾਲੇ ਘੱਟ ਨੇ ਤੇ ਵਿਗਾੜਨ ਵਾਲੇ ਬਹੁਤੇ।’’
‘‘ਜੈ ਹਿੰਦ ਜਨਾਬ! ਕੌਫ਼ੀ ਲਿਆਈਏ ਜੀ?’’
‘‘ਹਾਂ ਹਾਂ, ਇਹ ਆਪਣੇ ਮਹਿਮਾਨ ਨੇ ਸਾਰਿਆਂ ਨੂੰ ਕੌਫ਼ੀ ਪਿਆਓ। ਕੁਝ ਖਾਣ ਲਈ ਵੀ ਲਿਆਵੋ ਨਾਲ। ਪ੍ਰੋਫੈਸਰ ਵਰਿੰਦਰ, ਪ੍ਰੋਫੈਸਰ ਮਨਿੰਦਰ ਤੁਹਾਡੇ ਵਿਦਿਆਰਥੀ ਬਹੁਤ ਤਾਰਕਿਕ ਨੇ। ਤੁਹਾਡਾ ਅਸਰ ਦਿਸ ਰਿਹਾ ਇਨ੍ਹਾਂ ’ਤੇ।’’
ਕੌਫ਼ੀ ਪੀਣ ਤੋਂ ਬਾਅਦ ਇਜਾਜ਼ਤ ਲੈਣ ਦਾ ਸਮਾਂ ਆ ਗਿਆ।
‘‘ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਵੱਲੋਂ ਕੀਤਾ ਗਿਆ ਸੁਆਗਤ ਮੈਂ ਪਹਿਲੀ ਵਾਰ ਵੇਖਿਆ ਹੈ। ਨਹੀਂ ਤਾਂ ਪੁਲੀਸ ਡੰਡੇ ਵਾਲੀ ਸੇਵਾ ਵਾਸਤੇ ਹੀ ਮਸ਼ਹੂਰ ਹੈ। ਖ਼ੈਰ, ਅਸੀਂ ਤੁਹਾਡਾ ਬਹੁਤ ਸਮਾਂ ਲੈ ਲਿਆ। ਤੁਹਾਨੂੰ ਲੋਕ ਉਡੀਕ ਰਹੇ ਨੇ। ਹੁਣ ਇਜਾਜ਼ਤ ਦੇਵੋ ਜੀ, ਧੰਨਵਾਦ।’’
‘‘ਪ੍ਰੋਫੈਸਰ ਸਾਹਿਬ ਤੁਹਾਨੂੰ ਤੇ ਤੁਹਾਡੇ ਵਿਦਿਆਰਥੀਆਂ ਨੂੰ ਮਿਲ ਕੇ ਮੈਨੂੰ ਚੰਗਾ ਲੱਗਿਆ। ਆਪਾਂ ਨਵੇਂ ਤੋਂ ਨਵੇਂ ਵਿਦਿਆਰਥੀਆਂ ਨਾਲ ਮਿਲਣ ਦਾ ਸਿਲਸਿਲਾ ਹਰ ਹਫ਼ਤੇ ਜਾਰੀ ਰੱਖਾਂਗੇ।’’
ਵਿਦਿਆਰਥੀਆਂ ਨਾਲ ਮਿਲਣੀ ਦਾ ਸਿਲਸਿਲਾ ਚਲਦਾ ਰਿਹਾ। ਕਈ ਵਾਰ ਨਵੇਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਗਏ ਅਤੇ ਐੱਸ.ਐੱਸ.ਪੀ. ਸਾਹਿਬ ਨਾਲ ਮੁਲਾਕਾਤ ਹੋਈ। ਵਿਦਿਆਰਥੀਆਂ ਨੇ ਬੜੇ ਸਲੀਕੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।
ਇੱਕ ਦਿਨ ਥਾਣੇ ਵਿੱਚ ਪ੍ਰੋਫੈਸਰ ਮਨਿੰਦਰ ਦਾ ਇੱਕ ਛੋਟਾ ਜਿਹਾ ਕੰਮ ਸੀ। ਅਸੀਂ ਥਾਣੇ ਗਏ ਮੁਨਸ਼ੀ ਇਕਬਾਲ ਸਿੰਘ ਸਾਡਾ ਜਾਣੂੰ ਸੀ। ਉਸ ਨੇ ਆਪਣੇ ਦਫ਼ਤਰ ਵਿੱਚ ਬਿਠਾ ਲਿਆ। ਉਹ ਬਹੁਤ ਦੁਖੀ ਲੱਗ ਰਿਹਾ ਸੀ। ਮੈਂ ਪੁੱਛ ਲਿਆ, ‘‘ਕੀ ਗੱਲ ਮੁਨਸ਼ੀ ਜੀ, ਅੱਕੇ ਜਿਹੇ ਲੱਗਦੇ ਹੋ!’’
‘‘ਕੀ ਦੱਸੀਏ ਪ੍ਰੋਫੈਸਰ ਸਾਹਿਬ, ਤੁਸੀਂ ਤਾਂ ਰੱਬ ਦੀ ਜੰਞ ਆਏ ਹੋਏ ਹੋ। ਚਾਰ ਕਲਾਸਾਂ ਲਾਈਆਂ ਤੇ ਵਿਹਲੇ। ਸਾਡੀ ਕੋਈ ਜੂਨ ਐ। ਥਾਣੇ ’ਚ ਨਾ ਸਾਫ਼ ਸੁਥਰਾ ਬਾਥਰੂਮ, ਨਾ ਆਰਾਮ ਕਰਨ ਨੂੰ ਸਥਾਨ। ਹੋਰ ਛੱਡੋ ਜਿਹੜੇ ਆਹ ਬੂਟ ਪਾਏ ਨੇ ਚਮੜੇ ਦੇ, ਇਹ ਸਿਆਲਾਂ ਵਿੱਚ ਠਰਦੇ ਬਹੁਤ ਨੇ ਤੇ ਗਰਮੀਆਂ ਵਿੱਚ ਤਪਦੇ ਬਹੁਤ ਨੇ। ਕੰਮ ਦਾ ਕੋਈ ਸਮਾਂ ਹੀ ਨਹੀਂ।’’
‘‘ਮੁਨਸ਼ੀ ਜੀ, ਤੁਹਾਡੇ ਬਹੁਤੇ ਥਾਣੇਦਾਰ ਪੈਸੇ ਬਣਾਉਂਦੇ ਹੀ ਨੇ, ਥਾਣੇ ਉੱਤੇ ਲਾ ਦਿਆ ਕਰਨ ਚਾਰ ਛਿੱਲੜ ਆਪਣੀ ਸੁਖ ਸਹੂਲਤ ਲਈ।’’
ਮੁਨਸ਼ੀ ਮੇਰੀ ਇਸ ਗੱਲ ਵੱਲ ਧਿਆਨ ਦਿੱਤੇ ਬਗ਼ੈਰ, ਅਣਸੁਣਿਆ ਜਿਹਾ ਕਰਕੇ ਕਹਿਣ ਲੱਗਾ, ‘‘ਦਸ ਮਿੰਟ ਦਿਉ ਪ੍ਰੋਫੈਸਰ ਸਾਹਿਬ, ਝਗੜੇ ਵਾਲਿਆਂ ਦੀ ਗੱਲ ਨਿਪਟਾ ਲਵਾਂ।’’
‘‘ਉਹ ਦੇਵਾਂ ਅੰਦਰ ਦੋਵੇਂ ਧਿਰਾਂ ਨੂੰ, ਬਣਾ ਦਿਆਂ ਬੰਦੇ ਦੇ ਪੁੱਤ?’’
‘‘ਜਨਾਬ, ਅਸੀਂ ਤਾਂ ਗ਼ਰੀਬ ਲੋਕ ਹਾਂ ਜੀ ਸਾਨੂੰ ਮੁਆਫ਼ ਕਰ ਦਿਉ ਜੀ। ਅਸੀਂ ਰਾਜ਼ੀਨਾਮੇ ਨੂੰ ਤਿਆਰ ਹਾਂ।’’
‘‘ਤੁਹਾਡਾ ਤਾਂ ਪਿਓ ਵੀ ਕਰੇਗਾ ਰਾਜ਼ੀਨਾਮਾ, ਸਿਵਿਆਂ ’ਚੋਂ ਉੱਠ ਕੇ ਆਵੇਗਾ। ਤੁਸੀਂ ਕੀ ਚੀਜ਼ ਹੋ! ਕੱਢੋ ਦੋਵੇਂ ਧਿਰਾਂ ਤਿੰਨ ਤਿੰਨ ਹਜ਼ਾਰ। ਥਾਣੇ ਵਿੱਚ ਰਾਜ਼ੀਨਾਮਾ ਨਹੀਂ ਹੁੰਦਾ। ਥਾਣੇ ਵਿੱਚ ਰਾਜ਼ੀਨਾਵਾ ਹੁੰਦਾ ਹੈ, ਠੀਕ ਕਿਹਾ ਐਮ.ਸੀ. ਸਾਹਿਬ?’’
‘‘ਜਨਾਬ ਕਦੇ ਗ਼ਲਤ ਕਹਿੰਦੇ ਹੀ ਨਹੀਂ।’’
‘‘ਜਨਾਬ ਅਸੀਂ ਗ਼ਰੀਬ ਹਾਂ, ਦਿਹਾੜੀਦਾਰ ਹਾਂ ਜੀ। ਫੀਸ ਕੁਝ ਘੱਟ ਕਰ ਲਉ ਜੀ।’’
‘‘ਫੀਸ ਘੱਟ ਕਰ ਲਵੋ... ਏਥੇ ਸਾਰੇ ਥਾਣੇ ਦਾ ਬੋਝ ਮੁਨਸ਼ੀ ਨੂੰ ਚੁੱਕਣਾ ਪੈਂਦਾ। ਮੁਨਸ਼ੀ ਥਾਣੇ ਦੀ ਮਾਂ ਹੁੰਦੈ। ਸਰਕਾਰ ਕੀ ਦਿੰਦੀ ਹੈ ਛਣਕਣਾ। ਮੈਨੂੰ ਹੀ ਪਤਾ ਥਾਣੇ ਦੇ ਕਿੰਨੇ ਖ਼ਰਚੇ ਨੇ। ਸਾਰਾ ਦਿਨ ਲੋਕਾਂ ਤੋਂ ਮਸਾਂ ਪੈਸੇ ਇਕੱਠੇ ਕਰੀਦੇ ਨੇ, ਫੇਰ ਕਿਤੇ ਜਾ ਕੇ ਥਾਣੇ ਦਾ ਤੋਰਾ ਤੁਰਦੈ। ਇਉਂ ਕਿਵੇਂ ਨਾ ਲਈਏ ਪੈਸੇ? ਘੋੜੇ ਨੇ ਘਾਹ ਨਾਲ ਦੋਸਤੀ ਕਰਕੇ ਭੁੱਖੇ ਮਰਨਾ ਹੈ!’’
‘‘ਮੁਨਸ਼ੀ ਸਾਹਿਬ, ਗ਼ਰੀਬ ਬੰਦੇ ਨੇ, ਨਾ ਲਉ ਪੈਸੇ। ਤੁਹਾਨੂੰ ਕੀ ਫ਼ਰਕ ਪੈਂਦਾ ਏ।’’
‘‘ਪ੍ਰੋਫੈਸਰ ਸਾਹਿਬ ਤੁਹਾਨੂੰ ਤੇ ਤੁਹਾਡੇ ਵਿਦਿਆਰਥੀਆਂ ਨੂੰ ਇਨ੍ਹਾਂ ਪੈਸਿਆਂ ਦੀ ਕੌਫ਼ੀ ਪਿਆਈਦੀ ਹੈ ਐੱਸ.ਐੱਸ.ਪੀ. ਸਾਹਿਬ ਨਾਲ ਬਿਠਾ ਕੇ।’’
ਸੰਪਰਕ: 98156-56601
* * *

Advertisement

ਸਮਝੌਤਾ

ਚਰਨਜੀਤ ਕੌਰ

ਮੈਂ ਤੇ ਮੇਰੀ ਸਹੇਲੀ ਰੀਤ ਇੱਕੋ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀਆਂ ਸਾਂ। ਸਕੂਲੋਂ ਛੁੱਟੀ ਹੋਣ ਮਗਰੋਂ ਰੀਤ ਘਰ ਆ ਕੇ ਆਪਣੀ ਘਰ ਗ੍ਰਹਿਸਥੀ ਵਿੱਚ ਰੁੱਝ ਜਾਂਦੀ ਤੇ ਆਪਣੀ ਹੀ ਦੁਨੀਆ ਵਿੱਚ ਗੁੰਮ ਰਹਿੰਦੀ। ਉਹ ਬਹੁਤਾ ਕਿਸੇ ਦੇ ਘਰ ਆਉਂਦੀ ਜਾਂਦੀ ਨਹੀਂ ਸੀ। ਉਸ ਦੀ ਆਪਣੀ ਹੀ ਦੁਨੀਆ ਸੀ। ਉਸ ਦੀ ਕੋਈ ਔਲਾਦ ਨਹੀਂ ਸੀ। ਉਸ ਦੀ ਸੱਸ ਉਸ ਨੂੰ ਛੋਟੀ-ਛੋਟੀ ਗੱਲ ’ਤੇ ਮਿਹਣੇ ਮਾਰਦੀ ਕਿ ਅਸੀਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਦੇਣਾ ਹੈ, ਤੂੰ ਸਾਨੂੰ ਪੋਤੇ ਦਾ ਮੂੰਹ ਨਹੀਂ ਦਿਖਾਉਣਾ। ਉਸ ਦਾ ਹਿਰਦਾ ਵਲੂੰਧਰਿਆ ਜਾਂਦਾ। ਉਹ ਇਕੱਲੀ ਬੈਠੀ ਕਈ ਵਾਰ ਰੋਂਦੀ ਤੇ ਰੱਬ ਨੂੰ ਉਲ੍ਹਾਮਾ ਦਿੰਦੀ ਕਿ ਇਹ ਮੇਰੇ ਨਾਲ ਕਿਉਂ ਹੋਇਆ ਹੈ? ਫਿਰ ਆਪਣੇ ਮਨ ਨੂੰ ਸਮਝਾ ਕੇ ਚੁੱਪ-ਚਾਪ ਕੰਮ ਕਰਨ ਲੱਗਦੀ।
ਉਸ ਦਾ ਪਤੀ ਜੀਤ ਵੀ ਸਰਕਾਰੀ ਨੌਕਰੀ ਕਰਦਾ ਸੀ। ਰੀਤ ਆਪਣੀ ਸੱਸ ਦੀਆਂ ਫਿਟਕਾਰਾਂ ਸੁਣ-ਸੁਣ ਕੇ ਤੰਗ ਆ ਕੇ ਆਪਣੇ ਪਤੀ ਨੂੰ ਬੱਚਾ ਗੋਦ ਲੈਣ ਲਈ ਕਹਿੰਦੀ ਤਾਂ ਉਹ ਵੀ ਝਿੜਕ ਕੇ ਉਸ ਨੂੰ ਚੁੱਪ ਕਰਾ ਦਿੰਦਾ। ਉਹ ਮਨ ਮਸੋਸ ਕੇ ਰਹਿ ਜਾਂਦੀ। ਰੀਤ ਦੀ ਛੋਟੀ ਭੈਣ ਦਾ ਹਾਲੇ ਵਿਆਹ ਨਹੀਂ ਹੋਇਆ ਸੀ। ਦੋ ਛੁੱਟੀਆਂ ਆ ਗਈਆਂ। ਉਹ ਪੇਕੇ ਗਈ ਤੇ ਆਪਣੀ ਮਾਂ ਨੂੰ ਤਰਲੇ ਕੱਢਣ ਲੱਗੀ ਕਿ ਮੈਂ ਇਹ ਸੁਣ-ਸੁਣ ਕੇ ਤੰਗ ਹਾਂ ਬਈ ਉਹ ਆਪਣੇ ਪੁੱਤ ਦਾ ਹੋਰ ਵਿਆਹ ਕਰ ਦੇਣਗੇ, ਤੁਸੀਂ ਰਾਣੋ ਦਾ ਵਿਆਹ ਜੀਤ ਨਾਲ ਕਰ ਦਿਉ; ਕੋਈ ਬਾਹਰੋਂ ਆਏਗੀ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਏਗੀ।
ਰੀਤ ਦੇ ਸਿਰ ’ਤੇ ਪਿਤਾ ਦਾ ਸਾਇਆ ਨਹੀਂ ਸੀ। ਮਾਂ ਨੇ ਮਜਬੂਰੀਵੱਸ ਹਾਂ ਕਰ ਦਿੱਤੀ। ਉਹ ਰਾਣੋ ਨੂੰ ਆਪਣੇ ਪਤੀ ਜੀਤ ਨਾਲ ਵਿਆਹ ਕੇ ਘਰ ਲੈ ਆਈ। ਦੋਵੇਂ ਭੈਣਾਂ ਰਲ ਕੇ ਰਹਿਣ ਲੱਗੀਆਂ। ਰੀਤ ਘਰ ਦਾ ਸਾਰਾ ਕੰਮ ਕਰ ਕੇ ਸਕੂਲ ਜਾਂਦੀ ਤੇ ਆ ਕੇ ਫਿਰ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ। ਦੋ ਕੁ ਮਹੀਨਿਆਂ ਵਿੱਚ ਹੀ ਰਾਣੋ ਦੇ ਪੈਰ ਭਾਰੀ ਹੋ ਗਏ। ਹੁਣ ਉਹ ਘਰ ਦੇ ਕੰਮ ਨੂੰ ਹੱਥ ਵੀ ਨਾ ਲਾਉਂਦੀ। ਰੀਤ ਖ਼ੁਸ਼ੀ-ਖ਼ੁਸ਼ੀ ਰਾਣੋ ਦੀ ਸੇਵਾ ਵਿੱਚ ਲੱਗੀ ਰਹਿੰਦੀ। ਰਾਣੋ ਨੇ ਪੁੱਤਰ ਨੂੰ ਜਨਮ ਦਿੱਤਾ। ਹੁਣ ਉਹ ਬਿਲਕੁਲ ਰਾਣੀ ਬਣ ਕੇ ਰਹਿਣ ਲੱਗੀ। ਰੀਤ ’ਤੇ ਹਰ ਵੇਲੇ ਰੋਅਬ ਪਾਉਂਦੀ। ਪਤੀ ਦਾ ਸਾਰਾ ਧਿਆਨ ਬੱਚੇ ਤੇ ਰਾਣੋ ਵੱਲ ਹੋ ਗਿਆ। ਉਹ ਬੱਚੇ ਕਰਕੇ ਸਭ ਕੁਝ ਸਹਿ ਰਹੀ ਸੀ। ਰੀਤ ਨੇ ਪਤੀ ਨਾਲ ਰਲ ਕੇ ਕਰਜ਼ਾ ਲੈ ਕੇ ਕੋਠੀ ਬਣਾਈ ਸੀ ਤੇ ਉਸ ਦੀ ਚੱਠ ਸੀ। ਘਰ ਮਹਿਮਾਨ ਆਏ ਹੋਏ ਸਨ। ਰੀਤ ਦੀ ਖ਼ੁਸ਼ੀ ਵੇਖਣ ਵਾਲੀ ਸੀ। ਉਹ ਘਰ ਆਏ ਮਹਿਮਾਨਾਂ ਦੀ ਖ਼ਾਤਰਦਾਰੀ ਕਰ ਰਹੀ ਸੀ। ਰਾਣੋ ਬੈਠੀ-ਬੈਠੀ ਉਸ ’ਤੇ ਹੁਕਮ ਚਲਾ ਰਹੀ ਸੀ। ਮਹਿਮਾਨਾਂ ਵੱਲੋਂ ਦਿੱਤੇ ਜਾ ਰਹੇ ਸ਼ਗਨ ਤੇ ਤੋਹਫ਼ੇ ਸਾਂਭੀ ਜਾ ਰਹੀ ਸੀ। ਉਸ ਦਾ ਪਤੀ ਵੀ ਸਾਰੇ ਤੋਹਫ਼ੇ ਤੇ ਸ਼ਗਨ ਲਿਆ ਕੇ ਰਾਣੋ ਨੂੰ ਹੀ ਦੇ ਰਿਹਾ ਸੀ। ਉਹ ਇਹ ਸਭ ਦੇਖ ਰਹੀ ਸੀ, ਪਰ ਪਤੀ ਨੂੰ ਖ਼ੁਸ਼ ਦੇਖ ਕੇ ਉਹ ਇਹ ਸਹਿ ਰਹੀ ਸੀ। ਦਿਲ ਤਾਂ ਉਸ ਦਾ ਵੀ ਦੁਖਦਾ ਸੀ ਕਿਉਂਕਿ ਉਸ ਨਾਲ ਬੁਰਾ ਵਤੀਰਾ ਉਸ ਦੀ ਆਪਣੀ ਭੈਣ ਹੀ ਕਰ ਰਹੀ ਸੀ। ਸਮਾਗਮ ਖ਼ਤਮ ਹੋ ਗਿਆ। ਮਹਿਮਾਨ ਚਲੇ ਗਏ। ਰਾਤ ਨੂੰ ਸਾਰੇ ਸੌਂ ਗਏ। ਰੀਤ ਰਾਤ ਨੂੰ ਆਪਣੇ ਮੰਜੇ ’ਤੇ ਇਕੱਲੀ ਪਈ ਰੋਂਦਿਆਂ ਰੱਬ ਅੱਗੇ ਸ਼ਿਕਵਾ ਕਰ ਰਹੀ ਕਿ ਕਿ ਇਹ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ।
ਫਿਰ ਇਹ ਸੋਚ ਕੇ ਰੋਂਦੀ ਰੋਂਦੀ ਸੌਂ ਗਈ ਕਿ ਇਸ ਜ਼ਿੰਦਗੀ ਨਾਲ ਮੈਂ ਖ਼ੁਦ ਹੀ ਸਮਝੌਤਾ ਕੀਤਾ ਹੈ। ਸਵੇਰੇ ਸਕੂਲ ਜਾਣਾ ਸੀ। ਭਾਰੀਆਂ ਅੱਖਾਂ ਨਾਲ ਉੱਠੀ। ਘਰ ਦੇ ਕੰਮਾਂ ਵਿੱਚ ਲੱਗ ਗਈ। ਥੱਕਿਆ ਹੋਣ ਕਾਰਨ ਜੀਤ ਵੀ ਦਫ਼ਤਰ ਨਾ ਗਿਆ। ਉਹ ਤੇ ਰਾਣੋ ਬੱਚੇ ਨੂੰ ਲੈ ਕੇ ਆਰਾਮ ਨਾਲ ਸੁੱਤੇ ਰਹੇ ਤੇ ਉਹ ਵਿਚਾਰੀ ਸਭ ਲਈ ਨਾਸ਼ਤਾ ਬਣਾ ਕੇ ਲੱਤਾਂ ਘਸੀਟਦੀ ਬੱਸ ਅੱਡੇ ਵੱਲ ਚੱਲ ਪਈ। ਉਸ ਦੀਆਂ ਅੱਖਾਂ ’ਚੋਂ ਹੰਝੂ ਬੇਰੋਕ ਵਹਿ ਰਹੇ ਸਨ। ਉਸ ਦੇ ਦਿਲ ਦੀ ਡੂੰਘੀ ਪੀੜ ਦਾ ਇਲਾਜ ਕਰਨ ਵਾਲਾ ਕੋਈ ਨਹੀਂ ਸੀ। ਬੱਸ ਦੇ ਵੱਜੇ ਹਾਰਨ ਨਾਲ ਉਹ ਸੋਚਾਂ ’ਚੋਂ ਬਾਹਰ ਨਿਕਲੀ ਤੇ ਹੰਝੂ ਪੂੰਝਦਿਆਂ ਬੱਸ ਦੀ ਸੀਟ ’ਤੇ ਬੈਠ ਕੇ ਖਿੜਕੀ ਦੇ ਬਾਹਰ ਵੇਖਦੀ ਸੋਚ ਰਹੀ ਸੀ ਕਿ ਇਸ ਨੂੰ ਕੀ ਸਮਝੇ, ਰੱਬ ਵੱਲੋਂ ਮਾਰੀ ਠੋਕਰ ਜਾਂ ਭੈਣ ਵੱਲੋਂ ਕੀਤਾ ਅਹਿਸਾਨ ਜਾਂ ਜ਼ਿੰਦਗੀ ਨਾਲ ਕੀਤਾ ਸਮਝੌਤਾ।
ਸੰਪਰਕ: 98887-85390
* * *

ਨਿਆਈਂ ਆਲਾ ਖੇਤ

ਬਲਰਾਜ ਸਿੰਘ ਖਹਿਰਾ

ਕੋਲੰਬੀਆ ਦੀ ਜਾਕੇਟ ਪਾਈ ਪੋਹ ਮਹੀਨੇ ਦੰਦ ਜੋੜਦੀ ਠੰਢੀ ਰਾਤ ਨੂੰ ਪਾਣੀ ਦੀ ਵਾਰੀ ਉਡੀਕਦੇ ਗੁਰਮੇਲ ਸਿੰਘ ਨੂੰ ਭਾਗ ਸਿੰਘ ਨੇ ਆਵਾਜ਼ ਮਾਰ ਕੇ ਕਿਹਾ, ‘‘ਗੁਰਮੇਲ ਸਿਆਂ ਗਿੰਦਰ ਦਾ ਫੋਨ ਆਇਆ ਤੀ? ਕੀ ਕਹਿੰਦਾ ਐਤਕੀਂ ਲੋਹੜੀ ਵੇਲੇ ਪਿੰਡ ਮਾਰੂ ਗੇੜਾ ਕਿ ਨਹੀਂ?’’ ਗੁਰਮੇਲ ਨੇ ਲੰਮਾ ਸਾਹ ਖਿੱਚਦਿਆਂ ਕਿਹਾ, ‘‘ਪਤਾ ਨਹੀਂ ਭਾਗ ਸਿਆਂ, ਕਹਿੰਦਾ ਤੀ ਐਤਕੀਂ ਔਖਾ ਲੱਗਦਾ। ਕੰਮ ਦਾ ਬੜਾ ਮੰਦਾ ਪਿਆ। ਅੱਗੇ ਤਾਂ ਅਮਰੀਕਾ ਵੱਲ ਨੂੰ ਲੋਡ ਮਿਲ ਜਾਂਦਾ ਸੀ, ਹੁਣ ਤਾਂ ਲੋਕਲ ਹੀ ਗੇੜਾ ਮਿਲਦਾ। ਟੈਨਸ਼ਨ ਜਿਹੀ ’ਚ ਲੱਗਦਾ ਤੀ।’’
‘‘ਅੱਛਾ, ਹੁਣ ਤਾਂ ਛੀ-ਸੱਤ ਸਾਲ ਹੋ ਗਏ। ਸੁੱਖ ਨਾਲ ਨਿਆਣੇ ਵੀ ਵੱਡੇ ਹੋ ਗਏ ਹੋਣੇ ਆ, ਪਤੰਦਰ ਨੂੰ ਸਾਲ-ਦੋ ਸਾਲ ਮਗਰੋਂ ਤਾਂ ਗੇੜਾ ਮਾਰ ਲੈਣਾ ਚਾਹੀਦਾ। ਜਵਾਕਾਂ ਨੂੰ ਪਿੰਡ ਦਾ, ਸ਼ਰੀਕੇ ਭਾਈਚਾਰੇ ਦਾ ਤਿਹੁ ਰਹਿੰਦਾ। ਨਾਲੇ ਥੋਡਾ ਵੀ ਚੰਗਾ ਚਿੱਤ ਰਾਜ਼ੀ ਰਹਿੰਦਾ ਡੂਢ ਦੋ ਮਹੀਨੇ।’’
‘‘ਆਖਿਆ ਤਾਂ ਤੀ ਬਾਈ ਕਿ ਆਜਾ, ਇਹ ਝਮੇਲੇ ਤਾਂ ਮੁੱਕਣੇ ਨਹੀਂ, ਬੰਦਾ ਮੁੱਕ ਜਾਂਦਾ। ਕਹਿੰਦਾ, ਡੈਡੀ ਕੀ ਕਰੀਏ ਰਸੈਸ਼ਨ ਹੀ ਬਹੁਤ ਆ। ਮਾੜਾ ਹਾਲ ਹੋਇਆ ਪਿਆ ਕੰਮਾਂ ਦਾ। ਜੇ ਕੰਮ ਛੱਡਦਾਂ ਤਾਂ ਪਤਾ ਨਹੀਂ ਵਾਪਸ ਆ ਕੇ ਮਿਲੂ ਕੇ ਨਾਂਹ। ਆਹ ਲੀਡਰਾਂ ਨੇ ਨਾਸੀਂ ਧੂੰਆਂ ਲਿਆਤਾ। ਪਿੱਛੇ 19 ਮਹੀਨਿਆਂ ਵਿੱਚ 10 ਵਾਰੀ ਵਿਆਜ ਚੱਕ ਤਾਂ। ਘਰਾਂ ਦੀਆਂ ਮਾਰਗੇਜਾਂ ਬਾਹਲੀਆਂ ਵਧ ਗਈਆਂ। ਪਹਿਲਾਂ ਜਿਹੜੀ 4000-4500 ਕਿਸ਼ਤ ਜਾਂਦੀ ਹੁੰਦੀ ਸੀ, ਹੁਣ 7000-7500 ਤਾਈਂ ਕੰਮ ਚਲਾ ਗਿਆ। ਕਹਿੰਦੇ ਕਹਾਉਂਦੇ ਬੰਦਿਆਂ ਦੀਆਂ ਗੋਡਣੀਆਂ ਲਵਾਤੀਆਂ।’’
ਭਾਗ ਸਿੰਘ ਡੱਬੀ ਆਲੇ ਪਰਨੇ ਦਾ ਲੜ ਸੂਤ ਕਰਦਾ ਕਹਿੰਦਾ, ‘‘ਬਾਈ, ਆਹ ਮਾਰਗੇਜ ਭਲਾ ਕੀ ਸ਼ੈਅ ਹੁੰਦੀ ਆ?’’ ‘‘ਬਾਈ ਹੁੰਦਾ ਤਾਂ ਕਰਜ਼ਾ ਹੀ ਆ। ਗਿੰਦਰ ਕਹਿੰਦਾ ਤੀ ਡੈਡੀ ਇੱਥੇ ਲੋਨ ਨੂੰ ਮਾਰਗੇਜ ਕਹਿੰਦੇ ਆ।’’
ਇਹ ਗੱਲਾਂ ਕਰਦਾ ਗੁਰਮੇਲ ਸਿੰਘ ਖਿਆਲਾਂ ’ਚ ਗੁਆਚ ਗਿਆ, ਕਿਵੇਂ ਗਿੰਦਰ ਨੂੰ ਕੈਨੇਡਾ ਭੇਜਣ ਲਈ ਅਮਰਗੜ੍ਹ ਆਲੀ ਬੈਂਕ ਕੋਲ ਪੈਲੀ ਗਹਿਣੇ ਰੱਖ ਕੇ ਅੱਠ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਕਿਹਾ ਸੀ, ‘‘ਪੁੱਤ, ਜਾ ਕੇ ਜੀਅ ਜਾਨ ਨਾਲ ਕੰਮ ਕਰੀਂ। ਆਪਾਂ ਛੇਤੀ ਹੀ ਆਹ ਨਿਆਈਂ ਆਲੀ ਪੈਲੀ ਛਡਾਉਣੀ ਆ।’’ ਅਤੇ ਗਿੰਦਰ ਨੇ ਵੀ ਹੌਸਲੇ ਨਾਲ ਕਿਹਾ, ‘‘ਡੈਡੀ, ਫ਼ਿਕਰ ਨਾ ਕਰੀਂ। ਆਪਾਂ ਸਾਰੇ ਰੋਣੇ ਧੋਣੇ ਧੋ ਦਿਆਂਗੇ।’’
ਅੱਜ 18 ਸਾਲ ਹੋ ਗਏ ਗਿੰਦਰ ਨੂੰ ਮਿਸੀਸਾਗਾ ਰਹਿੰਦੇ ਨੂੰ। ਪਤਾ ਨਹੀਂ ਲੱਗਿਆ ਏਨਾ ਸਮਾਂ ਕਿਵੇਂ ਬੀਤ ਗਿਆ। ਗਿੰਦਰ ਨੇ ਜੀਅ ਤੋੜ ਮਿਹਨਤ ਕਰ ਕੇ ਛੇਤੀ ਨਿਆਈਂ ਵਾਲਾ ਖੇਤ ਛੁਡਾ ਕੇ, ਨਾਲ ਦੀ ਵੱਢ ਖਾਣਿਆਂ ਕੇ ਮੀਤੇ ਕੀ ਢਾਈ ਕਿੱਲੇ ਪੈਲੀ ਬੈਅ ਵੀ ਲੈ ਲਈ ਸੀ। ਕਿਹੜੀ ਸ਼ੈਅ ਨਹੀਂ ਸੀ ਜਿਹੜੀ ਗੁਰਮੇਲ ਦੇ ਘਰ ਹੈਨੀ ਸੀ। ਬਸ ਇੱਕ ਗਿੰਦਰ ਦੀ ਹੀ ਘਾਟ ਸੀ। ਪਹਿਲਾਂ ਪਹਿਲ ਤਾਂ ਸਾਲ ਬਾਅਦ ਹੀ ਗੇੜਾ ਮਾਰ ਜਾਂਦਾ ਸੀ। ਜਦੋਂ ਦੇ ਜਵਾਕ ਪੜ੍ਹਨ ਜਾਣ ਲੱਗ ਪਏ ਫੇਰ ਗੇੜਾ ਮਾਰਨਾ ਘਟਾਤਾ। ਉੱਤੋਂ ਆਹ ਕਰੋਨਾ ਮਗਰੋਂ ਜਹਾਜ਼ਾਂ ਦੀ ਟਿਕਟਾਂ ਤਿੱਗਣੀਆਂ-ਚੌਗਣੀਆਂ ਹੋ ਗਈਆਂ ਤਾਂ ਹਰ ਸਾਲ ਚਾਰ ਟਿਕਟਾਂ ਚੱਕ ਕੇ ਗਿੰਦਰ ਲਈ ਆਉਣਾ ਔਖਾ ਹੋ ਗਿਆ।
ਇੱਕ ਦਿਨ ਆਥਣੇ ਜਹੇ ਐਕਟਿਵਾ ’ਤੇ ਵੱਡੇ ਸਕੂਲ ਦੇ ਮੂਹਰੇ ਲੰਘੇ ਜਾਂਦੇ ਗੁਰਮੇਲ ਸਿੰਘ ਨੂੰ ਭਤੀਜੇ ਹਰਜਾਪ ਨੇ ਆਵਾਜ਼ ਮਾਰ ਲਈ, ‘‘ਚਾਚਾ ਕਿਵੇਂ ਆ, ਕਿੱਧਰ ਚੱਲਿਆ ਤੀ।’’
‘‘ਕਿਤੇ ਨਹੀਂ ਪੁੱਤ, ਆਹ ਤੇਰੀ ਚਾਚੀ ਦੀ ਸ਼ੂਗਰ ਆਲੀ ਦਵਾਈ ਮੁੱਕ ਗਈ ਤੀ, ਕਾਲੇ ਮੈਡੀਕਲ ਆਲੇ ਤੋਂ ਲੈਣ ਚੱਲਿਆ ਤੀ।’’
‘‘ਅੱਛਾ ਅੱਛਾ। ਚਾਚਾ ਆਹ ਬੂਟ ਸਕੈਚਰ ਦੇ ਆ? ਬਾਹਲੇ ਘੈਂਟ ਆ। ਗਿੰਦਰ ਨੇ ਭੇਜੇ ਆ?’’
‘‘ਹਾਂ ਪੁੱਤ, ਗਿੰਦਰ ਨੇ ਭੇਜੇ ਆ, ਪਰ ਪਤਾ ਨਈ ਕਿਹੜੇ ਆ।’’
‘‘ਮੈਨੂੰ ਵੀ ਮੰਗਵਾ ਕੇ ਦੇ ਚਾਚਾ, ਇਹੋ ਜਿਹੇ।’’
‘‘ਕੋਈ ਨਹੀਂ ਹਰਜਾਪ ਅਗਲੇ ਮਹੀਨੇ ਤੇਰੀ ਭੂਆ ਰਿੰਪੀ ਨੇ ਆਉਣਾ, ਆਪਾ ਗਿੰਦਰ ਨੂੰ ਕਹਿ ਦਿੰਨੇ ਆ, ਭੇਜਦੂ ਉਹਦੇ ਹੱਥ।’’
‘‘ਠੀਕ ਐ ਚਾਚਾ।’’
‘‘ਗਿੰਦਰ ਨੇ ਨਈ ਮਾਰਨਾ ਐਤਕੀਂ ਗੇੜਾ? ਖ਼ਾਸਾ ਚਿਰ ਹੋ ਗਿਆ ਬਾਈ ਨੂੰ ਪਿੰਡ ਆਏ ਨੂੰ। ਹੁਣ ਤਾਂ ਦੋਵੇਂ ਜਵਾਕ ਹਿੰਮਤ ਤੇ ਫਤਿਹ ਸਕੂਲ ਜਾਂਦੇ ਹੋਣੇ ਆ।’’
‘‘ਹਾਂ ਪੁੱਤਰ, ਮੈਂ ਤਾਂ ਬਥੇਰਾ ਕਹਿਨਾਂ ਕਿ ਆਜਾ ਗਿੰਦਰ ਮਾਰ ਲੈ ਗੇੜਾ। ਹਰ ਵਾਰੀ ਇਹੀ ਕਹਿ ਦਿੰਦਾ, ਦੇਖਦਾਂ ਡੈਡੀ, ਕਦੋਂ ਸਬੱਬ ਬਣਦਾ। ਦੇਖੋ ਭਾਈ, ਜੋ ਮਾਲਕ ਦੀ ਰਜ਼ਾ।’’ ‘‘ਚੰਗਾ ਚਾਚਾ, ਮੈਂ ਚੱਲਦਾਂ। ਫੇਰ ਮਿਲਦੇ ਹਾਂ।’’
ਘਰ ਵਾਪਸ ਆ ਕੇ ਗੁਰਮੇਲ ਨੂੰ ਹੋਰ ਹੀ ਅੱਚਵੀ ਜਿਹੀ ਲੱਗ ਗਈ। ਬੈਠੇ-ਬੈਠੇ ਨੇ ਗਿੰਦਰ ਨੂੰ ਫੋਨ ਲਾ ਲਿਆ। ਗਿੰਦਰ ਵੀਕਐਂਡ ਹੋਣ ਕਰਕੇ ਅੱਜ ਲੇਟ ਹੀ ਉੱਠਿਆ ਸੀ। ਸੁੱਖ ਸਾਂਦ ਪੁੱਛਣ ਮਗਰੋਂ ਗੁਰਮੇਲ ਸਿੰਘ ਨੇ ਭਰੇ ਮਨ ਨਾਲ ਗਿੰਦਰ ਨੂੰ ਪੁੱਛ ਹੀ ਲਿਆ ‘‘ਪੁੱਤ, ਗੇੜਾ ਕਦੋਂ ਮਾਰਨਾ?’’
‘‘ਡੈਡੀ, ਜੀਅ ਤਾਂ ਮੇਰਾ ਵੀ ਬਥੇਰਾ ਕਰਦਾ ਕਿ ਆ ਜਾਵਾਂ, ਪਰ ਕੀ ਕਰੀਏ ਝਮੇਲੇ ਹੀ ਬਹੁਤ ਨੇ।’’
‘‘ਕੋਈ ਨਾ ਪੁੱਤ, ਇਹ ਚਲਦੇ ਹੀ ਰਹਿਣੇ ਆ। ਸਾਡਾ ਵੀ ਹੁਣ ਕੁਝ ਪਤਾ ਨਹੀਂ, ਕਦੋਂ ਫ਼ਤਹਿ ਬੁਲਾ ਜਾਈਏ। ਕਈ ਸਾਲ ਹੋ ਗਏ ਤੈਨੂੰ ਆਏ ਨੂੰ, ਹੁਣ ਤਾਂ ਸੁੱਖ ਨਾਲ ਇੱਥੇ ਵੀ ਚੰਗੀ ਪੈਲੀ ਆ ਆਪਣੇ ਕੋਲ। ਨਿਆਈਂ ਆਲਾ ਖੇਤ ਵੀ ਛੁਡਾ ਲਿਆ ਤੀ।’’
ਗਿੰਦਰ ਅੰਦਰੋਂ ਅੰਦਰੀਂ ਝੂਰਦਾ ਹੋਇਆ ਚਾਹ ਕੇ ਵੀ ਗੁਰਮੇਲ ਨੂੰ ਕਹਿ ਨਹੀਂ ਸਕਿਆ ਅਤੇ ਆਪਣੇ ਹੀ ਮਨ ਨੂੰ ਆਖਦਾ ਹੈ ‘ਨਿਆਈਂ ਵਾਲਾ ਖੇਤ ਤਾਂ ਛੁਡਾ ਲਿਆ ਡੈਡੀ, ਪਰ ਇੱਥੇ ਆਲੇ ਝਮੇਲਿਆਂ ’ਚ ਫਸੀ ਜਿੰਦ ਨੂੰ ਕਿਵੇਂ ਛੁਡਾਵਾਂ?’
ਸੰਪਰਕ: 98140-00868

Advertisement
Author Image

joginder kumar

View all posts

Advertisement