For the best experience, open
https://m.punjabitribuneonline.com
on your mobile browser.
Advertisement

ਪੁਰਕਾਇਸਥ ਤੇ ਚੱਕਰਵਰਤੀ ਨੂੰ ਐੱਫਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਦੇ ਹੁਕਮ

06:56 AM Oct 06, 2023 IST
ਪੁਰਕਾਇਸਥ ਤੇ ਚੱਕਰਵਰਤੀ ਨੂੰ ਐੱਫਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਦੇ ਹੁਕਮ
Advertisement

ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਦੀ ਕੋਰਟ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਗ੍ਰਿਫ਼ਤਾਰ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਐੱਫਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਦੀ ਕੋਰਟ ਵਿੱਚ ਸੁਣਵਾਈ ਦੌਰਾਨ ਦਿੱਲੀ ਪੁਲੀਸ ਨੇ ਐੱਫਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਨਾਲ ਸਬੰਧਤ ਅਪੀਲ ਦਾ ਵਿਰੋਧ ਕੀਤਾ ਸੀ। ਕੋਰਟ ਨੇ ਅਰਜ਼ੀਆਂ ਨੂੰ ਲੈ ਕੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ। ਚੱਕਰਵਰਤੀ ਦੇ ਵਕੀਲ ਨੇ ਕਿਹਾ ਕਿ ਗ੍ਰਿਫ਼ਤਾਰੀ ਦੇ ਆਧਾਰ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਮੁਲਜ਼ਮ ਨੂੰ ਸੰਵਿਧਾਨ ਤਹਿਤ ਮਿਲੀ ਸੁਰੱਖਿਆ ਹੈ। ਵਕੀਲ ਨੇ ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਵੱਲੋਂ ਸੁਣਾਏ ਕੁਝ ਫੈਸਲਿਆਂ ਦਾ ਵੀ ਹਵਾਲਾ ਦਿੱਤਾ। ਵਕੀਲ ਨੇ ਕਿਹਾ ਕਿ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਲਾਏ ਗਏ ਕਥਿਤ ਦੋਸ਼ ‘ਗੰਭੀਰ’ ਹਨ, ਪਰ ਅਜਿਹਾ ਕੋਈ ਸੰਵਿਧਾਨਕ ਅਧਾਰ ਨਹੀਂ ਹੈ ਕਿ ਇਸਤਗਾਸਾ ਧਿਰ ਮੁਲਜ਼ਮ ਨੂੰ ਐੱਫਆਈਆਰ ਦੀ ਕਾਪੀ ਦੇਣ ਲਈ ਪਾਬੰਦ ਨਹੀਂ ਹੈ। ਪੁਰਕਾਇਸਥ ਵੱਲੋਂ ਵਰਚੁਅਲੀ ਪੇਸ਼ ਵਕੀਲ ਨੇ ਵੀ ਦਲੀਲ ਦਿੱਤੀ ਕਿ ਐੱਫਆਈਆਰ ਦੀ ਕਾਪੀ ਹਾਸਲ ਕਰਨਾ ਮੁਲਜ਼ਮ ਦਾ ਹੱਕ ਹੈ। ਉਧਰ ਵਿਸ਼ੇਸ਼ ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵਾ ਨੇ ਅਰਜ਼ੀਆਂ ਦਾ ਵਿਰੋਧ ਕੀਤਾ। ਉਨ੍ਹਾਂ ਸੁਪਰੀਮ ਕੋਰਟ ਦੇ ਇਕ ਫੈਸਲੇ ਦੇ ਹਵਾਲੇ ਨਾਲ ਕਿਹਾ ਕਿ ਮੁੁਲਜ਼ਮ ਨੂੰ ਪਹਿਲਾਂ ਪੁਲੀਸ ਕਮਿਸ਼ਨਰ ਤੱਕ ਪਹੁੰਚ ਕਰਨੀ ਹੁੰਦੀ ਹੈ ਤੇ ਕਮਿਸ਼ਨਰ ਅੱਗੇ ਅਪੀਲ ’ਤੇ ਗੌਰ ਲਈ ਕਮੇਟੀ ਗਠਿਤ ਕਰਦਾ ਹੈ। ਸ੍ਰੀਵਾਸਤਵਾ ਨੇ ਕਿਹਾ ਕਿ ਮੁਲਜ਼ਮ ਨੂੰ ਸੁਪਰੀਮ ਕੋਰਟ ਵੱਲੋਂ ਤਜਵੀਜ਼ਤ ‘ਕਦਮ ਦਰ ਕਦਮ ਪ੍ਰੋਸੀਜਰ’ ਦੀ ਪਾਲਣਾ ਕਰਨੀ ਹੋਵੇਗੀ। ਮੁਲਜ਼ਮਾਂ ਵੱਲੋਂ ਦਾਇਰ ਅਰਜ਼ੀ ‘ਅੱਧੀ ਅਧੂਰੀ’ ਹੈ ਤੇ ਉਹ ਇਸ ਤਰ੍ਹਾਂ ‘ਸਿੱਧੇ ਕੋਰਟ ਵਿੱਚ ਨਹੀਂ ਅੱਪੜ ਸਕਦੇ।’ ਸ੍ਰੀਵਾਸਤਵਾ ਨੇ ਕਿਹਾ, ‘‘ਅਸੀਂ ਗ੍ਰਿਫ਼ਤਾਰੀ ਦੇ ਆਧਾਰ ਤੇ ਅੱਗੇ ਹੋਰ ਰਿਮਾਂਡ ਲਈ ਕਾਰਨਾਂ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਾਂ। ਅਸੀਂ ਪਹਿਲਾਂ ਹੀ ਵਿਵਸਥਾਵਾਂ ਦੀ ਪਾਲਣਾ ਯਕੀਨੀ ਬਣਾਈ ਹੈ।’’ ਸਰਕਾਰੀ ਵਕੀਲ ਨੇ ਕਿਹਾ ਕਿ ਮੁਲਜ਼ਮਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਸੱਟ ਮਾਰੀ ਤੇ ਵਿਦੇਸ਼ ਤੋਂ ਫੰਡਾਂ ਦੇ ਨਾਂ ’ਤੇ 115 ਕਰੋੜ ਰੁਪਏ ਹਾਸਲ ਕੀਤੇ। ਵਕੀਲ ਨੇ ਕਿਹਾ, ‘‘ਅਸੀਂ ਪੁਲੀਸ ਰਿਮਾਂਡ ਮੰਗਣ ਮੌਕੇ ਇਸ ਕੋਰਟ ਨੂੰ ਗ੍ਰਿਫ਼ਤਾਰੀ ਦੇ ਆਧਾਰ ਬਾਰੇ ਦੱਸ ਚੁੱਕੇ ਹਾਂ ਤੇ ਮੁਲਜ਼ਮਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੇ ਵਕੀਲ ਨਾਲ ਗੱਲ ਕਰਨ ਦੀ ਖੁੱਲ੍ਹ ਵੀ ਦਿੱਤੀ।’’ -ਪੀਟੀਆਈ

Advertisement

‘ਨਿਊਜ਼ਕਲਿੱਕ ਦੇ ਬਾਨੀ ਨੇ ਕਸ਼ਮੀਰ ਅਤੇ ਅਰੁਣਾਚਲ ਬਾਰੇ ਝੂਠਾ ਬਿਰਤਾਂਤ ਸਿਰਜਿਆ’

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਗ੍ਰਿਫ਼ਤਾਰ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ’ਤੇ ਦੋਸ਼ ਲਾਇਆ ਹੈ ਕਿ ਸੀਨੀਅਰ ਪੱਤਰਕਾਰ ਨੇ ਕਸ਼ਮੀਰ ਤੇ ਅਰੁਣਾਚਲ ਪ੍ਰਦੇਸ਼ ਬਾਰੇ ਬਿਰਤਾਂਤ ਸਿਰਜਣ ਦੀ ਸਾਜ਼ਿਸ਼ ਘੜੀ ਕਿ ਇਹ ਭਾਰਤ ਦੇ ਹਿੱਸੇ ਨਹੀਂ ਹਨ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪੁਰਕਾਇਸਥ ਤੇ ਨਿਊਜ਼ ਪੋਰਟਲ ਦੇ ਮਨੁੱਖੀ ਵਸੀਲਿਆਂ।ਬਾਰੇ ਮੁਖੀ ਅਮਿਤ ਚੱਕਰਵਰਤੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੋਰਟਲ ’ਤੇ ਦੋਸ਼ ਹੈ ਕਿ ਉਸ ਨੇ ਚੀਨ ਪੱਖੀ ਪ੍ਰਾਪੇਗੰਡੇ ਲਈ ਵਿਦੇਸ਼ ਤੋਂ ਫੰਡ ਹਾਸਲ ਕੀਤੇ। ਪੁਲੀਸ ਨੇ ਰਿਮਾਂਡ ਅਰਜ਼ੀ ਵਿੱਚ ਸਮਾਜਿਕ ਕਾਰਕੁਨ ਗੌਤਮ ਨਵਲੱਖਾ ’ਤੇ ਵੀ ਗੰਭੀਰ ਦੋਸ਼ ਲਾਏ ਹਨ। ਪੁਲੀਸ ਨੇ ਆਪਣੀ ਰਿਮਾਂਡ ਅਰਜ਼ੀ ਵਿੱਚ ਕਿਹਾ, ‘‘ਗੁਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੁਰਕਾਇਸਥ, ਨੈਵਿਲੇ ਰੌਏ ਸਿੰਘਮ ਤੇ ਸਿੰਘਮ ਦੀ ਮਾਲਕੀ ਵਾਲੀ ਸ਼ੰਘਾਈ ਅਧਾਰਿਤ ਕੰਪਨੀ ਦੇ ਚੀਨੀ ਮੁਲਾਜ਼ਮਾਂ ਵੱਲੋਂ ਇਕ ਦੂਜੇ ਨੂੰ ਭੇਜੀਆਂ ਮੇਲਾਂ ਤੋਂ ਇਨ੍ਹਾਂ ਦੇ ਅਰੁਣਾਚਲ ਪ੍ਰਦੇਸ਼ ਤੇ ਕਸ਼ਮੀਰ ਨੂੰ ਭਾਰਤ ਦੀ ਥਾਂ ਚੀਨ ਦੇ ਹਿੱਸੇ ਵਜੋਂ ਦਰਸਾਉਣ ਦੇ ਇਰਾਦੇ ਦਾ ਖੁਲਾਸਾ ਹੋਇਆ।’’ ਅਰਜ਼ੀ ਵਿੱਚ ਕਿਹਾ ਗਿਆ, ‘‘ਇਨ੍ਹਾਂ ਵਿਅਕਤੀਆਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਆਲਮੀ ਤੇ ਘਰੇਲੂ ਪੱਧਰ ’ਤੇ ਇਹ ਬਿਰਤਾਂਤ ਸਿਰਜਣ ਦੀ ਸਾਜ਼ਿਸ਼ ਤੋਂ ਪਰਦਾ ਚੁੱਕਦੀਆਂ ਹਨ ਕਿ ਕਸ਼ਮੀਰ ਤੇ ਅਰੁਣਾਚਲ ਪ੍ਰਦੇਸ਼ ਵਵਿਾਦਿਤ ਖੇਤਰ ਹਨ। ਉਨ੍ਹਾਂ ਦੀ ਇਹ ਕੋਸ਼ਿਸ਼ ਦੇਸ਼ ਦੀ ਏਕਤਾ ਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਕਾਰਵਾਈ ਦੇ ਬਰਾਬਰ ਹੈ।’’ ਪੁਲੀਸ ਨੇ ਰਿਮਾਂਡ ਅਰਜ਼ੀ ਵਿਚ ਦਾਅਵਾ ਕੀਤਾ ਕਿ ਨਿਊਜ਼ਕਲਿੱਕ ਵਿੱਚ ਹਿੱਸੇਦਾਰ ਗੌਤਮ ਨਵਲੱਖਾ, ਜੋ ਪਾਬੰਦੀਸ਼ੁਦਾ ਨਕਸਲੀ ਜਥੇਬੰਦੀਆਂ ਦਾ ਹਮਾਇਤੀ ਤੇ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐੱਸਆਈ ਦੇ ਏਜੰਟ ਗੁਲਾਮ ਨਬੀ ਫਾਈ ਦੇ ਸੰਪਰਕ ਵਿੱਚ ਸੀ, ਦੇਸ਼ ਵਿਰੋਧੀ ਤੇ ਗੈਰਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਸੀ। ਪੁਲੀਸ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਪੁਰਕਾਇਸਥ ਤੇ ਉਸ ਦੇ ਸਾਥੀਆਂ- ਜੋਸਫ਼ ਰਾਜ, ਅਨੂਪ ਚੱਕਰਬਰਤੀ(ਅਮਿਤ ਚੱਕਰਬਰਤੀ ਦਾ ਭਰਾ) ਤੇ ਬੱਪਾਦਿੱਤਿਆ ਸਨਿਹਾ(ਵਰਚੂਨੈੱਟ ਸਿਸਟਮਜ਼ ਪ੍ਰਾਈਵੇਟ ਲਿਮਟਿਡ ਦਾ ਪ੍ਰਮੋਟਰ) ਨੇ ਵਿਦੇਸ਼ੀ ਫੰਡਾਂ ਨੂੰ ਵੀ ਖੁਰਦ ਬੁਰਦ ਕੀਤਾ। ਇਹ ਫੰਡ ਅੱਗੇ ਗੌਤਮ ਨਵਲੱਖਾ, ਤੀਸਤਾ ਸੀਤਲਵਾੜ ਦੇ ਸਹਾਇਕਾਂ- ਜਾਵੇਦ ਆਨੰਦ, ਤਮਾਰਾ, ਜਬਿਰਨ, ਉਰਮਿਲੇਸ਼, ਅਰਾਤਰਿਕਾ ਹਲਦਰ, ਪ੍ਰੰਜਯ ਗੁਹਾ ਠਾਕੁਰਤਾ, ਤ੍ਰਨਿਾ ਸ਼ੰਕਰ, ਅਭਿਸਾਰ ਸ਼ਰਮਾ ਆਦਿ ਨੂੰ ਵੰਡੇ ਗਏ। -ਪੀਟੀਆਈ

Advertisement

ਪੱਤਰਕਾਰ ਉਰਮਿਲੇਸ਼ ਤੇ ਅਭਿਸਾਰ ਸ਼ਰਮਾ ਤੋਂ ਮੁੜ ਪੁੱਛ-ਪੜਤਾਲ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਯੂਏਪੀਏ ਤਹਿਤ ਦਰਜ ਕੇਸ ਵਿਚ ਪੱਤਰਕਾਰ ਉਰਮਿਲੇਸ਼ ਤੇ ਅਭਿਸਾਰ ਸ਼ਰਮਾ ਨੂੰ ਅੱਜ ਮੁੜ ਪੁੱਛ-ਪੜਤਾਲ ਲਈ ਸੱਦਿਆ। ਦੋਵੇਂ ਬਾਅਦ ਦੁਪਹਿਰ ਲੋਧੀ ਕਲੋਨੀ ਸਥਿਤ ਵਿਸ਼ੇਸ਼ ਸੈੱਲ ਦੇ ਦਫ਼ਤਰ ਪੁੱਜੇ। ਦੋਵਾਂ ਤੋਂ ਅੱਜ ਵੀ ਛੇ ਘੰਟਿਆਂ ਦੇ ਕਰੀਬ ਪੁੱਛ-ਪੜਤਾਲ ਕੀਤੀ ਗਈ। ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ (ਵਿਸ਼ੇਸ਼ ਸੈੱਲ) ਐੱਚ.ਜੀ.ਐੱਸ.ਧਾਲੀਵਾਲ ਸ਼ਾਮੀਂ ਸੱਤ ਵਜੇ ਦੇ ਕਰੀਬ ਦਫ਼ਤਰ ਪੁੱਜੇ ਤਾਂ ਦੋਵਾਂ ਪੱਤਰਕਾਰਾਂ ਕੋਲੋਂ ਸਵਾਲ ਜਵਾਬ ਕੀਤੇ ਜਾ ਰਹੇ ਸਨ। ਸੂਤਰਾਂ ਨੇ ਕਿਹਾ ਕਿ ਕੇਸ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ, ਜਨਿ੍ਹਾਂ ਤੋਂ ਮੰਗਲਵਾਰ ਨੂੰ ਪੁੱਛਗਿੱਛ ਕੀਤੀ ਗਈ ਸੀ, ਤੋਂ ਆਉਂਦੇ ਦਿਨਾਂ ਵਿੱਚ ਇਕ ਹੋਰ ਗੇੜ ਦੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। -ਪੀਟੀਆਈ

Advertisement
Author Image

Advertisement