ਟੈਕਸ ਵਸੂਲੀ ਸਬੰਧੀ ਖ਼ਾਮੀਆਂ ’ਤੇ ਕਾਬੂ ਪਾਉਣ ਦੇ ਹੁਕਮ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 3 ਸਤੰਬਰ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸੂਬੇ ਨੂੰ ਹੋਰ ਪ੍ਰਗਤੀਸ਼ੀਲ ਅਤੇ ਖ਼ੁਸ਼ਹਾਲ ਬਣਾਉਣ ਦੀ ਵਚਨਬੱਧਤਾ ਦੇ ਅਨੁਰੂਪ ਪੰਜਾਬ ਰਾਜ ਟਰੇਡਰਜ਼ ਕਮਿਸ਼ਨ (ਆਬਕਾਰੀ ਤੇ ਕਰ ਵਿਭਾਗ ਪੰਜਾਬ) ਦੇ ਚੇਅਰਮੈਨ ਅਨਿਲ ਠਾਕੁਰ ਨੇ ਜੀਐੱਸਟੀ, ਆਬਕਾਰੀ ਅਤੇ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੂੰ ਟੈਕਸ ਵਸੂਲੀ ਵਿੱਚ ਮੌਜੂਦ ਖ਼ਾਮੀਆਂ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। ਪੰਜਾਬ ਦੇ ਜੀਐੱਸਟੀ, ਮੋਬਾਈਲ ਵਿੰਗ ਅਤੇ ਆਬਕਾਰੀ ਮਾਮਲਿਆਂ ਸਬੰਧੀ ਅੱਜ ਮੀਟਿੰਗ ਮੁਹਾਲੀ ਸਥਿਤ ਕਮਿਸ਼ਨ ਦੇ ਦਫ਼ਤਰ ਵਿੱਚ ਹੋਈ।
ਚੇਅਰਮੈਨ ਅਨਿਲ ਠਾਕੁਰ ਨੇ ਵਪਾਰੀਆਂ ਦੇ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਆਬਕਾਰੀ, ਜੀਐੱਸਟੀ ਵਿਭਾਗ ਅਤੇ ਮੋਬਾਈਲ ਵਿੰਗ ਨੂੰ ਕਰ ਮਾਲੀਆ ਵਧਾਉਣ ਲਈ ਵਿਭਾਗ ਅਤੇ ਵਪਾਰੀ ਭਾਈਚਾਰੇ ਦਰਮਿਆਨ ਸੁਖਾਵਾਂ ਤਾਲਮੇਲ ਬਣਾਉਣ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ, ਅਨਿਲ ਭਾਰਦਵਾਜ, ਸ਼ੀਤਲ ਜੁਨੇਜਾ, ਅਤੁਲ ਨਾਗਪਾਲ, ਰਾਜਕੁਮਾਰ ਅਗਰਵਾਲ ਅਤੇ ਪੰਜਾਬ ਦੇ ਜੀਐੱਸਟੀ, ਆਬਕਾਰੀ ਅਤੇ ਮੋਬਾਈਲ ਵਿੰਗ ਦੇ ਅਧਿਕਾਰੀ ਹਾਜ਼ਰ ਸਨ।
ਸੰਯੁਕਤ ਕਮਿਸ਼ਨਰ ਮੋਬਾਈਲ ਵਿੰਗ ਜਸਕਰਨ ਬਰਾੜ ਨੇ ਭਰੋਸਾ ਦਿੱਤਾ ਕਿ ਮਾਲੀਆ ਵਧਾਉਣ ਅਤੇ ਵਿਭਾਗਾਂ ਅਤੇ ਵਪਾਰੀਆਂ, ਉਦਯੋਗਾਂ ਅਤੇ ਵਪਾਰਕ ਭਾਈਚਾਰਿਆਂ ਦਰਮਿਆਨ ਸਦਭਾਵਨਾ ਵਾਲੇ ਸਬੰਧ ਬਣਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਚੇਅਰਮੈਨ ਨੇ ਵਪਾਰੀਆਂ ਨਾਲ ਸੁਹਿਰਦ ਸਬੰਧਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਟੈਕਸਾਂ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕਿਹਾ। ਮੀਟਿੰਗ ਵਿੱਚ ਜੀਐਸਟੀ, ਆਬਕਾਰੀ ਅਤੇ ਮੋਬਾਈਲ ਵਿੰਗ ਦੇ ਅਧਿਕਾਰੀ ਹਰਸਿਮਰਤ ਕੌਰ, ਡਾ. ਸ਼ਿਵਾਨੀ ਗੁਪਤਾ, ਮਨੀਸ਼ ਨਈਅਰ ਅਤੇ ਦੀਪਇੰਦਰ ਕੌਰ ਨੇ ਸ਼ਿਰਕਤ ਕੀਤੀ।