ਯਮੁਨਾ ਨਦੀ ਦੇ ਕੰਢੇ ’ਤੇ ਛਠ ਪੂਜਾ ਦੀ ਰਸਮ ਨਾ ਕਰਨ ਦੇ ਹੁਕਮ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਨਵੰਬਰ
ਇੱਕ ਅਹਿਮ ਦਖ਼ਲ ਵਿੱਚ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਗੀਤਾ ਕਲੋਨੀ ਵਿੱਚ ਯਮੁਨਾ ਨਦੀ ਦੇ ਕੰਢੇ ’ਤੇ ਛੱਠ ਪੂਜਾ ਦੀ ਰਸਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਲਈ ਗੰਭੀਰ ਪ੍ਰਦੂਸ਼ਣ ਦਾ ਹਵਾਲਾ ਦਿੱਤਾ ਗਿਆ ਹੈ। ਅਦਾਲਤ ਨੇ ਨਦੀ ਵਿੱਚ ਗੰਦਗੀ ਦੇ ਖਤਰਨਾਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਦੇ ਖ਼ਤਰਿਆਂ ’ਤੇ ਜ਼ੋਰ ਦਿੱਤਾ। ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਯਮੁਨਾ ਵਿੱਚ ਕੋਈ ਵੀ ਰਸਮ ਕਰਨਾ ਖ਼ਤਰਨਾਕ ਹੋਵੇਗਾ, ਕਿਉਂਕਿ ਪ੍ਰਦੂਸ਼ਣ ਦਾ ਪੱਧਰ ਇੰਨਾ ਉੱਚਾ ਹੈ ਕਿ ਕੋਈ ਵੀ ਵਿਅਕਤੀ ਨਦੀ ਵਿੱਚ ਡੁੱਬਕੀ ਨਾਲ ਗੰਭੀਰ ਖਤਰੇ ਵਿੱਚ ਪੈ ਸਕਦਾ ਹੈ। ਦਿੱਲੀ ਸਰਕਾਰ ਦੇ ਵਕੀਲ ਸੰਤੋਸ਼ ਕੁਮਾਰ ਤ੍ਰਿਪਾਠੀ ਨੇ ਅਦਾਲਤ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਜਿਹੇ ਹਾਲਾਤ ਵਿੱਚ ਸ਼ਰਧਾਲੂ ਬੀਮਾਰ ਹੋ ਸਕਦੇ ਹਨ। ਤ੍ਰਿਪਾਠੀ ਨੇ ਅਦਾਲਤ ਨੂੰ ਦੱਸਿਆ ਕਿ ਸਰਕਾਰ ਨੇ ਜਸ਼ਨ ਮਨਾਉਣ ਲਈ ਜ਼ਰੂਰੀ ਸਹੂਲਤਾਂ ਦੇ ਨਾਲ ਪੂਰੇ ਸ਼ਹਿਰ ਵਿੱਚ 1,000 ਹੋਰ ਛਠ ਪੂਜਾ ਸਥਾਨ ਮਨੋਨੀਤ ਕੀਤੇ ਹਨ।
ਇਹ ਫੈਸਲਾ ਸ਼ਬਨਮ ਬਰਨੀ ਕੇਸ ਵਿੱਚ ਹਾਲ ਹੀ ਦੇ ਇੱਕ ਅਦਾਲਤੀ ਆਦੇਸ਼ ਤੋਂ ਬਾਅਦ ਲਿਆ ਗਿਆ ਹੈ, ਜਿਸ ਨੇ ਯਮੁਨਾ ਵਿੱਚ ਪ੍ਰਦੂਸ਼ਣ ਦੇ ਗੰਭੀਰ ਪੱਧਰ ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਚਿਤਾਵਨੀਆਂ ਦੇ ਬਾਵਜੂਦ ਕੁਝ ਸ਼ਰਧਾਲੂ ਛਠ ਪੂਜਾ ਦੇ ਪਹਿਲੇ ਦਿਨ ਯਮੁਨਾ ਵਿੱਚ ਨਹਾਏ, ਜਿੱਥੇ ਕਾਲਿੰਦੀ ਕੁੰਜ ਵਿੱਚ ਪਾਣੀ ਦੀ ਸਤ੍ਵਾ ’ਤੇ ਜ਼ਹਿਰੀਲੇ ਝੱਗ ਦੀਆਂ ਸੰਘਣੀ ਪਰਤਾਂ ਦਿਖਾਈ ਦੇ ਰਹੀਆਂ ਸਨ। ਛਠ ਪੂਜਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੋਂ ਦਿੱਲੀ ਦੇ ਪੂਰਵਾਂਚਲੀ ਭਾਈਚਾਰੇ ਵੱਲੋਂ ਵਿਆਪਕ ਤੌਰ ’ਤੇ ਮਨਾਈ ਜਾਂਦੀ ਹੈ। ਦਿੱਲੀ ਵਿੱਚ ਪੁਰਵਾਂਚਲ ਵਾਲਾ ਭਾਈਚਾਰਾ ਰਾਜਨੀਤਿਕ ਮਹੱਤਵ ਰੱਖਦਾ ਹੈ। ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਇਸ ਸਮਾਗਮ ਨੇ ਪ੍ਰਦੂਸ਼ਣ ਅਤੇ ਨਾਗਰਿਕ ਜ਼ਿੰਮੇਵਾਰੀ ਦੇ ਮੁੱਦਿਆਂ ਵੱਲ ਧਿਆਨ ਖਿੱਚਿਆ ਹੈ। ਇਸ ਕਾਰਨ ਬੀਤੇ ਦਿਨਾਂ ਤੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਦੋਸ਼ਾਂ ਦਾ ਦੌਰ ਚਲ ਰਿਹਾ ਸੀ।