ਪਟਿਆਲਾ ਸ਼ਹਿਰ ਦੀਆਂ ਪੁੱਟੀਆਂ ਸੜਕਾਂ ਦੀ 15 ਦਿਨਾਂ ’ਚ ਮੁਰੰਮਤ ਕਰਨ ਦੇ ਹੁਕਮ
ਖੇਤਰੀ ਪ੍ਰਤੀਨਿਧ
ਪਟਿਆਲਾ 8 ਨਵੰਬਰ
ਨਗਰ ਨਿਗਮ ਨੇ ਸ਼ਹਿਰ ਵਿਚ ਨਹਿਰੀ ਪਾਣੀ ਸਪਲਾਈ ਦੇ ਪ੍ਰਾਜੈਕਟ ਅਧੀਨ ਐੱਲ ਐਂਡ ਟੀ ਵੱਲੋਂ ਪੁੱਟੀਆ ਸੜਕਾਂ ਦੀ ਮੁਰੰਮਤ ਦੇ ਕੰਮ ਵਿੱਚ ਹੋ ਰਹੀ ਦੇਰੀ ਦਾ ਸਖ਼ਤ ਨੋਟਿਸ ਲਿਆ ਹੈ। ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਨੇ ਇਨ੍ਹਾ ਸਮੂਹ ਸੜਕਾਂ ਦੀ ਮੁਰੰਮਤ ਜਲਦੀ ਅਤੇ ਪਹਿਲ ਦੇ ਆਧਾਰ ’ਤੇ ਕਰਨ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਐੱਲ ਐਂਡ ਟੀ ਕੰਪਨੀ ਦੇ ਨੁਮਾਇੰਦਿਆਂ ਸਮੇਤ ਸੀਵਰੇਜ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਇਸ ਦੌਰਾਨ ਹੀ ਉਨ੍ਹਾ ਨੇ ਸੜਕਾਂ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਹੁਕਮ ਕੀਤੇ ਅਤੇ 15 ਦਿਨਾਂ ’ਚ ਸੜਕਾਂ ਦੀ ਰੀਸਟੋਰੇਸ਼ਨ ਦਾ ਕੰਮ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਆਖਿਆ ਹੈ। ਇਸ ਮੀਟਿੰਗ ਵਿੱਚ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਅਤੇ ਦੀਪਜੌਤ ਕੌਰ, ਨਿਗਰਾਨ ਇੰਜਨੀਅਰ ਹਰਕਿਰਨਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਲੀਆ, ਕਾਰਜਕਾਰੀ ਇੰਜਨੀਅਰ ਸੀਵਰੇਜ ਬੋਰਡ ਵਿਕਾਸ ਧਵਨ ਅਤੇ ਐੱਲ ਐਂਡ ਟੀ ਦੇ ਪ੍ਰਾਜੈਕਟ ਮੈਨੇਜਰ ਸੁਖਦੇਵ ਝਾ ਵੀ ਮੌਜੂਦ ਸਨ। ਮੀਟਿੰਗ ਵਿਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਕੁਝ ਸੜਕਾਂ ਦੀ ਰਹਿੰਦੀ ਐੱਨਓਸੀ ਵੀ ਮੌਕੇ ’ਤੇ ਹੀ ਜਾਰੀ ਕਰ ਦਿੱਤੀ ਗਈ। ਇਸ ਨਾਲ ਹੁਣ ਨਿਗਮ ਵਲੋਂ ਅਜੀਤ ਨਗਰ, ਹੀਰਾ ਨਗਰ, ਮਜੀਠੀਆ ਇਨਕਲੇਵ, ਬਡੂੰਗਰ, ਮਹਿੰਦਰਾ ਕਾਲਜ਼ ਅਤੇ ਢਿੱਲੋਂ ਕਲੋਨੀ, ਨਾਭਾ ਰੋਡ ਤੋਂ ਟਿਵਾਣਾ ਚੌਕ, ਫੈਕਟਰੀ ਏਰੀਆ ਬੰਨਾ ਤੋਂ ਉਪਕਾਰ ਨਗਰ, ਏਕਤਾ ਨਗਰ, ਭੁਪਿੰਦਰਾ ਪਲਾਜ਼ਾ ਤੋਂ ਰੇਲਵੇ ਲਾਈਨ ਅਤੇ ਘੁੰਮਣ ਨਗਰ ਦਾ ਵਿਕਾਸ ਦੇ ਕੰਮਾਂ ਦਾ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।