ਫਰਜ਼ੀ ਐੱਨਓਸੀ ਮਾਮਲੇ ’ਚ ਕੇਸ ਦਰਜ ਕਰਨ ਦਾ ਹੁਕਮ
ਪੱਤਰ ਪ੍ਰੇਰਕ
ਜਲੰਧਰ, 13 ਅਗਸਤ
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਫਰਜ਼ੀ ਐੱਨਓਸੀ ਦੇ ਮਾਮਲੇ ’ਚ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਐੱਮਟੀਪੀ ਵਿਜੇ ਕੁਮਾਰ ਦੀ ਰਿਪੋਰਟ ’ਤੇ ਵਧੀਕ ਕਮਿਸ਼ਨਰ ਅਮਰਜੀਤ ਬੈਂਸ ਦੀ ਸਿਫ਼ਾਰਿਸ਼ ਨੂੰ ਪ੍ਰਵਾਨ ਕਰਦਿਆਂ ਪੁਲੀਸ ਕੇਸ ਤੁਰੰਤ ਦਰਜ ਕਰਵਾਉਣ ਲਈ ਕਿਹਾ। ਇਸ ਲਈ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖਿਆ ਜਾਵੇਗਾ।
ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਕਿਹਾ ਕਿ ਇਸ ਮਾਮਲੇ ’ਚ ਅਜੇ ਜਾਂਚ ਚੱਲ ਰਹੀ ਹੈ। ਵੱਖ-ਵੱਖ ਵਿਭਾਗਾਂ ਤੋਂ ਜਾਅਲੀ ਐੱਨਓਸੀ ਸਬੰਧੀ ਰਿਪੋਰਟਾਂ ਲੈ ਕੇ ਕੇਸ ਫਾਈਲ ਨੂੰ ਮਜ਼ਬੂਤ ਕਰਨਗੇ। ਹੁਣ ਪੁਲੀਸ ਕਾਰਵਾਈ ਦੇ ਨਾਲ-ਨਾਲ ਨਗਰ ਨਿਗਮ ਦੀ ਜਾਂਚ ਵੀ ਜਾਰੀ ਰਹੇਗੀ। ਨਗਰ ਨਿਗਮ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹਨ ਕਿ ਏਟੀਪੀ ਸੁਖਦੇਵ ਵਸ਼ਿਸ਼ਟ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਰਿਪੋਰਟ ਤਿਆਰ ਕਰਨ। ਹਾਲਾਂਕਿ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਐੱਫਆਈਆਰ ਕਿਹੜੇ ਲੋਕਾਂ ਖਿਲਾਫ ਦਰਜ ਕੀਤੀ ਜਾਣੀ ਹੈ। ਇਸ ਦੀ ਰਿਪੋਰਟ ਦੋ-ਤਿੰਨ ਦਿਨਾਂ ’ਚ ਤਿਆਰ ਹੋ ਜਾਵੇਗੀ। ਬਰਾਮਦ ਹੋਏ ਦਸਤਾਵੇਜ਼ਾਂ ਦੇ ਆਧਾਰ ’ਤੇ ਨਾਮ ਫਾਈਨਲ ਕੀਤੇ ਜਾ ਰਹੇ ਹਨ।