For the best experience, open
https://m.punjabitribuneonline.com
on your mobile browser.
Advertisement

ਮੇਕ ਮਾਈ ਟ੍ਰਿਪ ਅਤੇ ਹੋਟਲ ਨੂੰ 23,882 ਰੁਪਏ ਅਦਾ ਕਰਨ ਦੇ ਹੁਕਮ

09:21 AM Nov 24, 2024 IST
ਮੇਕ ਮਾਈ ਟ੍ਰਿਪ ਅਤੇ ਹੋਟਲ ਨੂੰ 23 882 ਰੁਪਏ ਅਦਾ ਕਰਨ ਦੇ ਹੁਕਮ
Advertisement

ਪੱਤਰ ਪ੍ਰੇਰਕ
ਬਠਿੰਡਾ, 23 ਨਵੰਬਰ
ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਮੇਕ ਮਾਈ ਟ੍ਰਿਪ ਅਤੇ ਹੋਟਲ ਹਾਰਵਰਡ ਨੂੰ ਇੱਕ ਗਾਹਕ ਵੱਲੋਂ ਅਦਾ ਕੀਤੇ ਗਏ 13,882 ਰੁਪਏ ਵਾਪਸ ਕਰਨ ਅਤੇ ਸੇਵਾ ਵਿੱਚ ਕਮੀ, ਪ੍ਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖਰਚ ਲਈ 10,000 ਰੁਪਏ ਹਰਜਾਨਾ ਦੇਣ ਦਾ ਹੁਕਮ ਸੁਣਾਇਆ ਹੈ। ਸ਼ਹਿਰ ਦੇ ਗੌਰਵ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੇਕ ਮਾਈ ਟ੍ਰਿਪ ਕੰਪਨੀ ਰਾਹੀਂ ਮਸੂਰੀ ਵਿੱਚ ਸਥਿਤ ਹੋਟਲ ਹਾਰਵਰਡ ਵਿੱਚ ਦੋ ਡਿਲਕਸ ਕਮਰੇ ਆਨਲਾਈਨ ਬੁੱਕ ਕਰਵਾਏ ਗਏ ਸਨ ਅਤੇ ਉਨ੍ਹਾਂ ਵੱਲੋਂ 13,882/- ਰੁਪਏ ਆਨਲਾਈਨ ਮਾਧਿਅਮ ਰਾਹੀਂ ਅਦਾ ਕੀਤੇ ਗਏ ਸਨ ਅਤੇ ਮੇਕ ਮਾਈ ਟ੍ਰਿਪ ਕੰਪਨੀ ਵੱਲੋਂ ਉਨ੍ਹਾਂ ਨੂੰ ਉਕਤ ਤਿੰਨ ਤਾਰਾ ਹੋਟਲ ਵਿੱਚ ਵਧੀਆ ਸਰਵਿਸ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 19 ਜੂਨ, 2022 ਨੂੰ ਉਕਤ ਹੋਟਲ ਵਿੱਚ ਪਹੁੰਚਣ ’ਤੇ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ, ਕਿਉਂਕਿ ਉਕਤ ਹੋਟਲ ਵਿੱਚ ਅਜੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਆਸ-ਪਾਸ ਕਾਫ਼ੀ ਜ਼ਿਆਦਾ ਧੂੜ ਸੀ ਜਦਕਿ ਕਮਰਿਆਂ ਦੀ ਹਾਲਤ ਵੀ ਬਹੁਤ ਮਾੜੀ ਸੀ, ਜਿਸ ਕਾਰਨ ਉਨ੍ਹਾਂ ਦਾ ਉਕਤ ਹੋਟਲ ਵਿੱਚ ਰਹਿਣਾ ਕਾਫ਼ੀ ਮੁਸ਼ਕਲ ਹੋ ਗਿਆ। ਗੌਰਵ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਸਮੱਸਿਆਵਾਂ ਦੇ ਸਬੰਧ ਵਿੱਚ ਹੋਟਲ ਵਾਲਿਆਂ ਕੋਲ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਹੋਟਲ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੇਕ ਮਾਈ ਟ੍ਰਿਪ ਕੰਪਨੀ ਨੂੰ ਬੁੱਕਿੰਗ ਕੈਂਸਲ ਕਰਨ ਦੀ ਬੇਨਤੀ ਕੀਤੀ। ਕੰਪਨੀ ਵੱਲੋਂ ਉਨ੍ਹਾਂ ਨੂੰ 2500 ਰੁਪਏ ਦਾ ਇੱਕ ਕੂਪਨ ਦੇਣ ਦੀ ਪੇਸ਼ਕਸ਼ ਕੀਤੀ ਗਈ, ਪਰ ਗੌਰਵ ਬਾਂਸਲ ਵੱਲੋਂ ਕੂਪਨ ਲੈਣ ਤੋਂ ਮਨਾ ਕਰ ਦਿੱਤਾ ਗਿਆ ਅਤੇ 13,882 ਰੁਪਏ ਵਾਪਸ ਕਰਨ ਲਈ ਬੇਨਤੀ ਕੀਤੀ ਗਈ, ਪਰ ਕੰਪਨੀ ਵੱਲੋਂ ਉਨ੍ਹਾਂ ਦੀ ਮੰਗ ਮੰਨਣ ਤੋਂ ਮਨਾਂ ਕਰ ਦਿੱਤਾ ਗਿਆ। ਗੌਰਵ ਬਾਂਸਲ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀਂ 14 ਜੁਲਾਈ, 2022 ਨੂੰ ਜ਼ਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿੱਚ ਕੇਸ ਦਾਇਰ ਕੀਤਾ ਗਿਆ। ਵਕੀਲ ਰਾਮ ਮਨੋਹਰ ਵਾਸੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਮੇਕ ਮਾਈ ਟ੍ਰਿਪ ਅਤੇ ਹੋਟਲ ਹਾਰਵਰਡ ਨੂੰ ਹੁਕਮ ਦਿੱਤਾ ਕਿ ਉਹ ਗੌਰਵ ਬਾਂਸਲ ਵੱਲੋਂ ਅਦਾ ਕੀਤੀ ਗਈ 13,882 ਰੁਪਏ ਦੀ ਰਾਸ਼ੀ ਵਾਪਸ ਕਰਨ ਅਤੇ ਸੇਵਾ ਵਿੱਚ ਕਮੀ, ਮਾਨਸਿਕ ਪ੍ਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖਰਚ ਲਈ 10,000 ਰੁਪਏ ਦੀ ਅਦਾਇਗੀ 45 ਦਿਨਾਂ ’ਚ ਅਦਾ ਕਰਨ।

Advertisement

Advertisement
Advertisement
Author Image

Advertisement