ਪਾੜ੍ਹਿਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਜਾਣ ਦੇ ਹੁਕਮ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਸਤੰਬਰ
ਵਾਈਸ ਚਾਂਸਲਰ ਨੂੰ ਯੂਨੀਵਰਸਿਟੀ ਤੋਂ ਫ਼ਾਰਗ ਕਰਨ ਦੀ ਮੰਗ ’ਤੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਕੱਲ੍ਹ ਰਾਤ ਤੋਂ ਚੱਲ ਰਿਹਾ ਵਿਦਿਆਰਥੀਆਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਉਧਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਜਾਣ ਲਈ ਵਾਈਸ ਚਾਂਸਲਰ ਵੱਲੋਂ ਲਿਖਤੀ ਪੱਤਰ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਯੂਨੀਵਰਸਿਟੀ ਵਿੱਚ ਮੀਡੀਆ ਦੇ ਦਾਖਲੇ ’ਤੇ ਪੂਰਨ ਪਾਬੰਦੀ ਲਗਾਉਂਦਿਆਂ ਵਿਸ਼ੇਸ਼ ਗਾਰਡ ਮੁੱਖ ਗੇਟ ’ਤੇ ਤਾਇਨਾਤ ਕੀਤੇ ਗਏ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੇ ਕੁੜੀਆਂ ਦੇ ਹੋਸਟਲ ਵਿੱਚ ਜਾ ਕੇ ਉਨ੍ਹਾਂ ਨੂੰ ਕਥਿਤ ਇਤਰਾਜ਼ਯੋਗ ਸ਼ਬਦ ਬੋਲੇ। ਦੂਜੇ ਪਾਸੇ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੇ ਸਾਰੇ ਦੋਸ਼ ਨਕਾਰੇ ਹਨ। ਚਾਰ ਅਕਤੂਬਰ ਤੋਂ ਪੇਪਰ ਸ਼ੁਰੂ ਹਨ। ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਪੇਪਰ ਲੈਣ ’ਚ ਅਥਾਰਿਟੀ ਨੂੰ ਮੁਸ਼ਕਲ ਹੋਵੇਗੀ। ਵਿਦਿਆਰਥੀ ਹੁਣ ਤੱਕ ਵੀਸੀ ਨੂੰ ਫ਼ਾਰਗ ਕਰਨ ’ਤੇ ਅੜੇ ਹੋਏ ਹਨ। ਉਧਰ ਗੇਟ ’ਤੇ ਖੜ੍ਹੇ ਸੁਰੱਖਿਆ ਗਾਰਡ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀਸੀ ਦਾ ਹੁਕਮ ਹੈ ਕਿ ਕਿਸੇ ਵੀ ਮੀਡੀਆ ਕਰਮੀ ਨੂੰ ’ਵਰਸਿਟੀ ਵਿੱਚ ਦਾਖਲ ਨਾ ਹੋੋਣ ਦਿੱਤਾ ਜਾਵੇ ਅਤੇ ਪੁਲੀਸ ਦੇ ਆਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ।