ਸਰਕਾਰੀ ਸਕੂਲਾਂ ’ਚ ਅੱਗ ਬੁਝਾਊ ਯੰਤਰ ਲਾਉਣ ਦੇ ਹੁਕਮ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਜਨਵਰੀ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਹਾਲੇ ਵੀ ਅੱਗ ਬੁਝਾਊ ਯੰਤਰ ਨਹੀਂ ਹਨ ਜਿਸ ਦਾ ਅੱਜ ਬਾਲ ਕਮਿਸ਼ਨ ਨੇ ਨੋਟਿਸ ਲੈਂਦਿਆਂ ਇੰਜਨੀਅਰਿੰਗ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਉਹ ਸਾਰੇ ਸਕੂਲਾਂ ਵਿਚ ਸੁਰੱਖਿਆ ਉਪਕਰਣ ਲਵਾਉਣ। ਇਸ ਤੋਂ ਇਲਾਵਾ ਕਮਿਸ਼ਨ ਨੇ ਨਗਰ ਨਿਗਮ ਦੇ ਫਾਇਰ ਵਿਭਾਗ ਨੂੰ ਵੀ ਕਿਹਾ ਕਿ ਉਹ ਕੋਚਿੰਗ ਸੈਂਟਰਾਂ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਇੰਤਜ਼ਾਮ ਮੁਕੰਮਲ ਕਰਵਾਉਣ। ਚੰਡੀਗੜ੍ਹ ਕਮਿਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ (ਸੀਸੀਪੀਸੀਆਰ) ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਅੱਜ ਸਿੱਖਿਆ ਵਿਭਾਗ, ਨਗਰ ਨਿਗਮ ਦੇ ਫਾਇਰ ਵਿਭਾਗ ਤੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ ਸੁਰੱਖਿਆ ਦੀ ਤਿਆਰੀ ਅਤੇ ਬੱਚਿਆਂ ਦੀ ਸੁਰੱਖਿਆ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਇਹ ਵੀ ਪੁੱਛਿਆ ਕਿ ਹੁਣ ਤਕ ਕਿੰਨੇ ਸਕੂਲਾਂ ਵਿਚ ਜਾਂਚ ਕੀਤੀ ਗਈ ਹੈ ਤੇ ਕਿਹੜੇ ਸਕੂਲਾਂ ਵਿਚ ਕੀ ਕੀ ਖਾਮੀਆਂ ਮਿਲੀਆਂ ਹਨ। ਸਿੱਖਿਆ ਵਿਭਾਗ ਦੀ ਡਿਪਟੀ ਡੀਈਓ ਪੂਨਮ ਸੂਦ ਨੇ ਦੱਸਿਆ ਕਿ ਸੁਰੱਖਿਆ ਇੰਤਜ਼ਾਮਾਂ ਵਿਚ ਪ੍ਰਾਪਰਟੀ ਆਈਡੀ ਮੁੱਦਾ ਹੱਲ ਨਾ ਹੋਣ ਕਾਰਨ ਸਮੱਸਿਆ ਆਈ ਸੀ ਜਿਸ ਨੂੰ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਇੰਜਨੀਅਰਿੰਗ ਵਿਭਾਗ ਨੂੰ ਸਾਰੇ ਸਕੂਲਾਂ ਵਿੱਚ ਫਾਇਰ ਸੇਫਟੀ ਸਿਸਟਮ ਲਗਾਉਣ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇੰਜਨੀਅਰਿੰਗ ਵਿਭਾਗ ਦੇ ਨਾਲ ਫਾਇਰ ਵਿਭਾਗ ਨੂੰ ਨਿਯਮਤ ਆਧਾਰ ’ਤੇ ਫਾਇਰ ਸੇਫਟੀ ਬਾਰੇ ਸਿੱਖਿਆ ਵਿਭਾਗ ਨੂੰ ਸਮੇਂ ਸਮੇਂ ’ਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਚਿੰਗ ਸੰਸਥਾਵਾਂ ਵਿੱਚ ਮੌਕ ਡਰਿੱਲ ਕਰਵਾਈ ਜਾਵੇ। ਕਮਿਸ਼ਨ ਨੇ ਇਲੈਕਟ੍ਰੀਕਲ ਵਿਭਾਗ, ਸਿੱਖਿਆ ਵਿਭਾਗ, ਆਰਕੀਟੈਕਟ ਵਿਭਾਗ ਨੂੰ ਤੈਅ ਸਮੇਂ ਵਿਚ ਸੁਰੱਖਿਆ ਇੰਤਜ਼ਾਮ ਮੁਕੰਮਲ ਕਰਨ ਲਈ ਕਿਹਾ।