ਹੜ੍ਹ ਪ੍ਰਭਾਵਿਤ ਖੇਤਰ ’ਚ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਹੁਕਮ
ਪੱਤਰ ਪ੍ਰੇਰਕ
ਮਾਨਸਾ, 16 ਜੁਲਾਈ
ਘੱਗਰ ਦਰਿਆ ਵਿੱਚ ਪਏ ਪਾੜਾਂ ਕਾਰਨ ਖੇਤਾਂ ਅਤੇ ਪਿੰਡਾਂ ਵਿੱਚ ਪਾਣੀ ਭਰਨ ਤੋਂ ਬਾਅਦ ਪੈਦਾ ਹੋਣ ਲੱਗੀਆਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੇ ਗੰਭੀਰ ਹਾਲਾਤ ਦੌਰਾਨ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰੰਤਰ ਮੈਡੀਕਲ ਕੈਂਪ ਲਗਾਉਣੇ ਆਰੰਭ ਕੀਤੇ ਜਾਣ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਜਿਹੇ ਕੈਂਪ ਲਗਾ ਰਹੀ ਹੈ। ਉਹ ਇੱਥੇ ਜ਼ਿਲ੍ਹਾ ਪ੍ਰਸ਼ਾਸਨ, ਆਈਐਮਏ, ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨਾਲ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸਿਹਤ ਮੰਤਰੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਸਟਾਫ਼ ਦੀ ਤਾਇਨਾਤੀ ਦਵਾਈਆਂ ਸਣੇ ਐਂਬੂਲੈਂਸਾਂ ਨਾਲ ਕੀਤੀ ਜਾਵੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ 1 ਐਂਬੂਲੈਂਸ ਸਿਹਤ ਵਿਭਾਗ ਨੂੰ ਮੁਹੱਈਆ ਕਰਵਾਈ ਗਈ ਹੈ ਤੇ 51 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚ ਹੜ੍ਹ ਪੀੜ੍ਹਤਾਂ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 13 ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਸਿਵਲ ਸਰਜਨ ਮਾਨਸਾ ਨੂੰ ਭੇਜ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਡੀਸੀ ਅਤੇ ਵਿਧਾਇਕਾਂ ਵੱਲੋਂ ਜ਼ਿਲ੍ਹੇ ਅੰਦਰ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਅਤੇ ਉਥੇ ਰਹਿਣ ਵਾਲੇ ਵਸਨੀਕਾਂ ਲਈ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ।
ਇਸੇ ਦੌਰਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਗੁਰਪ੍ਰੀਤ ਸਿੰਘ ਬਣਾਂਵਾਲੀ, ਡਾ. ਵਿਜੈ ਸਿੰਗਲਾ, ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਸਣੇ ਪ੍ਰਸ਼ਾਸਨਿਕ ਮੁਖੀ ਮੌਜੂਦ ਸਨ।