ਮੁਹਾਲੀ ’ਚ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 24 ਅਕਤੂਬਰ
ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਟੀ ਸਰਵੀਲਾਂਸ ਅਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਇੰਜਨੀਅਰਿੰਗ ਵਿੰਗ ਨੂੰ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਵੱਕਾਰੀ ਪ੍ਰਾਜੈਕਟ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ-ਨਾਲ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਇੱਕ ਅਹਿਮ ਉਪਰਾਲਾ ਹੈ, ਜਿਸ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ। ਉਂਜ, ਉਨ੍ਹਾਂ ਦੱਸਿਆ ਕਿ 80 ਫੀਸਦੀ ਮੁਕੰਮਲ ਹੋ ਚੁੱਕਾ ਹੈ।
ਡੀਸੀ ਨੇ ਗਮਾਡਾ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕੋਈ ਅੜਿੱਕਾ ਹੈ ਤਾਂ ਉਸ ਨੂੰ ਦੂਰ ਕਰ ਕੇ ਬਾਕੀ 20 ਫੀਸਦੀ ਕੰਮ ਪੂਰਾ ਕੀਤਾ ਜਾਵੇ। ਉਨ੍ਹਾਂ ਪ੍ਰਾਜੈਕਟ ਇੰਚਾਰਜ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਐੱਨਆਈਸੀ ਰਾਹੀਂ ਪ੍ਰਾਜੈਕਟ ਨੂੰ ਵਾਹਨ ਐਪ ਨਾਲ ਜੋੜਨ ਤਾਂ ਜੋ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਕੀਤੇ ਜਾ ਸਕਣ। ਉਨ੍ਹਾਂ ਬਲੈਕ ਸਪਾਟਸ ਨੂੰ ਠੀਕ ਕਰਨ ਲਈ ਕੌਮੀ ਸ਼ਾਹਰਾਹ ਅਥਾਰਿਟੀ (ਐੱਨਐੱਚਏਆਈ), ਗਮਾਡਾ, ਨਗਰ ਨਿਗਮ, ਪੀਡਬਲਿਊਡੀ ਅਤੇ ਐੱਮਸੀ ਜ਼ੀਰਕਪੁਰ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਆਉਣ ਵਾਲੇ ਯਾਤਰੀਆਂ ਲਈ ਸੁਰੱਖਿਅਤ ਰਾਹ ਯਕੀਨੀ ਬਣਾਉਣ ਲਈ 12 ਨਵੰਬਰ ਤੱਕ ਬਾਕੀ ਰਹਿੰਦੇ ਕੰਮ ਪੂਰੇ ਕਰੇ। ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਜ਼ੀਰਕਪੁਰ ਚੌਕ ਦੀਆਂ ਬੰਦ ਪਈਆਂ ਲਾਈਟਾਂ ਤੁਰੰਤ ਚਾਲੂ ਕਰਨ ਦੇ ਨਾਲ ਦੈੜੀ ਟੀ-ਪੁਆਇੰਟ ’ਤੇ ਨਵੀਆਂ ਟਰੈਫ਼ਿਕ ਲਾਈਟਾਂ ਲਾਉਣ ਦੀ ਹਦਾਇਤ ਵੀ ਕੀਤੀ। ਡੀਸੀ ਨੇ ਮੁਹਾਲੀ ਨਿਗਮ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਬੰਦ ਟਰੈਫਿਕ ਲਾਈਟਾਂ, ਖਾਸ ਕਰ ਕੇ ਫੋਰਟਿਸ ਹਸਪਤਾਲ ਫੇਜ਼-9/ਫੇਜ਼-10 ਅਤੇ ਫੇਜ਼-10/ਫੇਜ਼-11 ਦੀਆਂ ਟਰੈਫ਼ਿਕ ਲਾਈਟਾਂ ਫੌਰੀ ਚਾਲੂ ਕਰੇ। ਉਨ੍ਹਾਂ ਗਮਾਡਾ ਨੂੰ ਉਸਾਰੀ ਅਧੀਨ ਚੌਕਾਂ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ।