ਬੀੜ ਬਿਲਿੰਗ ਵਿੱਚ ਗੈਰ-ਕਾਨੂੰਨੀ ਪੈਰਾਗਲਾਈਡਿੰਗ ਸਕੂਲ ਬੰਦ ਕਰਨ ਦੇ ਹੁਕਮ
ਰਵਿੰਦਰ ਸੂਦ
ਪਾਲਮਪੁਰ, 12 ਅਪਰੈਲ
ਹਿਮਾਚਲ ਸੈਰ-ਸਪਾਟ ਵਿਭਾਗ ਨੇ ਅੱਜ ਬੀੜ ਬਿਲਿੰਗ ਵਿੱਚ ਚੱਲ ਰਹੇ ਸਾਰੇ ਸਾਰੇ ਗੈਰ-ਕਾਨੂੰਨੀ (ਬਿਨਾ ਰਜਿਸਟਰੇਸ਼ਨ ਤੋਂ) ਪੈਰਾਗਲਾਈਡਿੰਗ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਜ਼ਿਲ੍ਹਾ ਸੈਰ-ਸਪਾਟਾ ਵਿਕਾਸ ਅਧਿਕਾਰੀ ਵਿਨੈ ਧੀਮਾਨ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ। ਇਸ ਮੀਟਿੰਗ ਵਿੱਚ ਐੱਸਡੀਐੱਮ ਬੈਜਨਾਥ ਵੀ ਮੌਜੂਦ ਸਨ। ਉਹ ਵਿਸ਼ੇਸ਼ ਖੇਤਰ ਵਿਕਾਸ (ਐੱਸਏਡੀ) ਦੇ ਚੇਅਰਮੈਨ ਵੀ ਹਨ। ਮੀਟਿੰਗ ਵਿੱਚ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਹੋਰ ਹਿੱਤਧਾਰਕ ਵੀ ਸ਼ਾਮਲ ਹੋਏ। ‘ਦਿ ਟ੍ਰਿਬਿਊਨ’ ਵੱਲੋਂ ਦੋ ਦਿਨ ਪਹਿਲਾਂ ਨੋਇਡਾ ਦੀ ਵਸਨੀਕ ਮਹਿਲਾ ਪੈਰਾਗਲਾਈਡਿੰਗ ਪਾਇਲਟ ਰਿਤੂ ਚੋਪੜਾ ਦੀ ਮੌਤ ਹੋਣ ਤੋਂ ਬਾਅਦ ਇਹ ਮਾਮਲਾ ਉਜਾਗਰ ਕੀਤਾ ਗਿਆ ਸੀ।
ਧੀਮਾਨ ਨੇ ਬੀੜ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਐਡਵੈਂਚਰ ਖੇਡਾਂ ਨੂੰ ਰੈਗੂਲੇਟ ਕਰਨ ਲਈ ਨਵੇਂ ਨਿਯਮ ਬਣਾਏ ਜਾਣ ਤੱਕ ਬੀੜ ਬਿਲਿੰਗ ਵਿੱਚ ਕਿਸੇ ਵੀ ਨਿੱਜੀ ਪੈਰਗਲਾਈਡਿੰਗ ਸਿਖਲਾਈ ਸਕੂਲ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਸਕੂਲਾਂ ਦੇ ਮਾਲਕਾਂ ਨੂੰ ਆਪੋ-ਆਪਣੀਆਂ ਵੈੱਬਸਾਈਟਾਂ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।