For the best experience, open
https://m.punjabitribuneonline.com
on your mobile browser.
Advertisement

ਹਾਥਰਸ ਭਗਦੜ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ

06:42 AM Jul 04, 2024 IST
ਹਾਥਰਸ ਭਗਦੜ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ
ਹਾਥਰਸ ਦੇ ਪਿੰਡ ਫੁਲਰਾਈ ’ਚ ਹਾਦਸੇ ਵਾਲੀ ਥਾਂ ਦੀ ਜਾਂਚ ਕਰਦੀ ਹੋਈ ਫੋਰੈਂਸਿਕ ਟੀਮ। -ਫੋਟੋ: ਪੀਟੀਆਈ
Advertisement

* ਭੋਲੇ ਬਾਬਾ ਅਜੇ ਵੀ ਫ਼ਰਾਰ
* ਪ੍ਰਬੰਧਕਾਂ ਕੋਲ ਮਨਜ਼ੂਰੀ 80,000 ਦੇ ਇਕੱਠ ਦੀ ਸੀ, ਪਰ ਸਤਿਸੰਗ ’ਚ 2.50 ਲੱਖ ਲੋਕ ਪੁੱਜੇ

Advertisement

ਹਾਥਰਸ (ਯੂਪੀ)/ਨਵੀਂ ਦਿੱਲੀ, 3 ਜੁੁਲਾਈ
ਹਾਥਰਸ ਦੇ ਪਿੰਡ ਫੁਲਰਾਈ ਵਿਚ ਲੰਘੇ ਦਿਨ ‘ਸਤਿਸੰਗ’ ਦੌਰਾਨ ਭਗਦੜ ਮਚਣ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦੀ ਗਿਣਤੀ ਵਧ ਕੇ 121 ਹੋ ਗਈ ਹੈ। ਯੂਪੀ ਪੁਲੀਸ ਨੇ ‘ਸਤਿਸੰਗ’ ਦੇ ਪ੍ਰਬੰਧਕਾਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ’ਤੇ ਸਬੂਤ ਲੁਕਾਉਣ ਤੇ ਸ਼ਰਤਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਐੱਫਆਈਆਰ ਮੁਤਾਬਕ ਸਤਿਸੰਗ ਦੇ ਪ੍ਰਬੰਧਕਾਂ ਨੂੰ ਸਬੰਧਤ ਥਾਂ ’ਤੇ 80,000 ਲੋਕਾਂ ਦਾ ਇਕੱਠ ਕਰਨ ਦੀ ਹੀ ਮਨਜ਼ੂਰੀ ਦਿੱਤੀ ਗਈ ਸੀ, ਪਰ ਸਮਾਗਮ ਵਿਚ ਕਰੀਬ ਢਾਈ ਲੱਖ ਲੋਕ ਮੌਜੂਦ ਸਨ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਰਾਜਪਾਲ ਆਨੰਦੀਬੇਨ ਪਟੇਲ ਦੇ ਨਿਰਦੇਸ਼ਾਂ ’ਤੇ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਦੀ ਅਗਵਾਈ ਹੇਠ ਿਤੰਨ ਮੈਂਬਰੀ ਜੁਡੀਸ਼ਲ ਕਮਿਸ਼ਨ ਬਣਾ ਦਿੱਤਾ ਗਿਆ ਹੈ।

Advertisement

ਹਾਥਰਸ ’ਚ ਹੋਈ ਭਗਦੜ ’ਚ ਮਾਰੇ ਗਏ ਲੋਕਾਂ ਦੇ ਸਕੇ-ਸਬੰਧੀ ਵਿਰਲਾਪ ਕਰਦੇ ਹੋਏ। -ਫੋਟੋ: ਪੀਟੀਆਈ

ਮੁੱਖ ਮੰਤਰੀ ਨੇ ਸਰਕਟ ਹਾਊਸ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਮਗਰੋਂ ਉਹ ਜ਼ਿਲ੍ਹਾ ਹਸਪਤਾਲਾਂ ਵਿਚ ਜ਼ਖ਼ਮੀਆਂ ਨੂੰ ਵੀ ਮਿਲੇ। ਉਧਰ ਇਹਤਿਆਤ ਵਜੋਂ ਬਾਬਾ ਨਰਾਇਣ ਹਰੀ ਜਿਸ ਨੂੰ ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਆਸ਼ਰਮ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਭੋਲੇ ਬਾਬਾ ਫ਼ਿਲਹਾਲ ਫਰਾਰ ਦੱਸਿਆ ਜਾਂਦਾ ਹੈ ਤੇ ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੀ ਏਡੀਜੀ ਆਗਰਾ ਤੇ ਅਲੀਗੜ੍ਹ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਵੱਲੋਂ ਅੱਜ ਰਿਪੋਰਟ ਸੌਂਪੀ ਜਾ ਸਕਦੀ ਹੈ।
ਇਸ ਦੌਰਾਨ ਹਾਦਸੇ ਦੇ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਨ ਵਾਲੇ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਬਹੁਤੀਆਂ ਮੌਤਾਂ ਦਮ ਘੁੱਟਣ, ਛਾਤੀ ਵਿਚ ਸੱਟ ਲੱਗਣ ਤੇ ਪਸਲੀਆਂ ਟੁੱਟਣ ਕਰਕੇ ਹੋਈਆਂ ਹਨ। ਸੀਐੱਮਓ ਅਰੁਣ ਸ੍ਰੀਵਾਸਤਵ ਨੇ ਕਿਹਾ ਕਿ ਮਥੁਰਾ, ਆਗਰਾ, ਪੀਲੀਭੀਤ, ਕਾਸਗੰਜ ਤੇ ਅਲੀਗੜ੍ਹ ਆਦਿ ਨਾਲ ਸਬੰਧਤ 21 ਲਾਸ਼ਾਂ ਐੱਸਐੱਨ ਮੈਡੀਕਲ ਕਾਲਜ ਤੇ ਹਸਪਤਾਲ ਲਿਆਂਦੀਆਂ ਗਈਆਂ ਸਨ ਤੇ ਪੋਸਟ ਮਾਰਟਮ ਦੌਰਾਨ ਉਪਰੋਕਤ ਖੁਲਾਸਾ ਹੋਇਆ। ਉਧਰ ਆਗਰਾ ਪੁਲੀਸ ਨੇ ਭੋਲੇ ਬਾਬਾ ਦੇ ਜ਼ਿਲ੍ਹੇ ਵਿਚ ਹੋਣ ਵਾਲੇ ਦੋ ਧਾਰਮਿਕ ਸਮਾਗਮ (ਸਤਿਸੰਗ) ਰੱਦ ਕਰ ਦਿੱਤੇ ਹਨ।

ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਇਹ ਸਦਨ ਹਾਥਰਸ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਗਲੇ ਇਜਲਾਸ ਦੌਰਾਨ ਕਿਸੇ ਚੌਖਟੇ ਬਾਰੇ ਵਿਚਾਰ ਚਰਚਾ ਕਰੇਗਾ। ਸਦਨ ਨੇ ਸਤਿਸੰਗ ਦੌਰਾਨ ਮਚੀ ਭਗਦੜ ਵਿਚ ਮਾਰੇ ਗਏ ਸ਼ਰਧਾਲੂਆਂ ਨੂੰ ਕੁਝ ਮਿੰਟਾਂ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਧਨਖੜ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘...ਜਿੱਥੇ ਕਿਤੇ ਲੋਕ ਇਕੱਤਰ ਹੁੰਦੇ ਹਨ, ਉਥੇ ਕੋਈ ਨਾ ਕੋਈ ਢਾਂਚਾਗਤ ਚੌਖਟਾ ਹੋਣਾ ਚਾਹੀਦਾ ਹੈ। ਮੈਂ ਮੈਂਬਰਾਂ ਦੇ ਸੁਝਾਵਾਂ ਦਾ ਸਵਾਗਤ ਕਰਾਂਗਾ। ਅਗਲੇ ਇਜਲਾਸ ਵਿਚ ਅਸੀਂ ਕਿਸੇ ਚੌਖਟੇ ਲਈ ਕੰਮ ਕਰਾਂਗੇ।’’ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਸੁਝਾਅ ਦਿੱਤਾ ਕਿ ਅਜਿਹੇ ਵੱਡੇ ਇਕੱਠ ਕਰਵਾਉਣ ਲਈ ਕਾਨੂੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਤੇ ਕਰਨਾਟਕ ਵਿਚ ਇਸ ਬਾਰੇ ਕਾਨੂੰਨ ਹਨ। ਖੜਗੇ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਸਦਨ ਦੇ ਆਗੂ ਜੇਪੀ ਨੱਢਾ ਨੂੰ ਸਦਨ ਵਿਚ ਇਸ ਬਾਰੇ ਬਿਆਨ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਿਆਂਇਕ ਜਾਂਚ ਦੇ ਹੁਕਮ ਦਿੰਦਿਆਂ ਕਿਹਾ, ‘‘ਅਸੀਂ ਯਕੀਨੀ ਬਣਾਵਾਂਗੇ ਕਿ ਭਵਿੱਖ ਵਿਚ ਅਜਿਹੀ ਘਟਨਾ ਮੁੜ ਨਾ ਵਾਪਰੇ।’’ ਉਨ੍ਹਾਂ ਕਿਹਾ ਕਿ ਨਿਆਂਇਕ ਜਾਂਚ ਵਿਚ ਪ੍ਰਸ਼ਾਸਨ ਤੇ ਪੁਲੀਸ ਦੇ ਸੇਵਾਮੁਕਤ ਅਧਿਕਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਮੇਟੀ ਪਤਾ ਲਾਏਗੀ ਕਿ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਸੀ ਜਾਂ ਫਿਰ ਇਹ ਕੋਈ ਸਾਜ਼ਿਸ਼ ਤਾਂ ਨਹੀਂ ਸੀ। ਉਧਰ ਰਾਹਤ ਕਮਿਸ਼ਨਰ ਦੇ ਦਫ਼ਤਰ ਮੁਤਾਬਕ ਭਗਦੜ ਦੌਰਾਨ ਜ਼ਖਮੀ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 28 ਦੱਸੀ ਜਾਂਦੀ ਹੈ ਜਦੋਂਕਿ 121 ਮ੍ਰਿਤਕਾਂ ਵਿਚੋਂ ਹੁਣ ਤੱਕ ਸਿਰਫ਼ 4 ਜਣਿਆਂ ਦੀ ਹੀ ਪਛਾਣ ਹੋ ਸਕੀ ਹੈ। ਮੰਗਲਵਾਰ ਨੂੰ 116 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਿਨ੍ਹਾਂ ਵਿਚੋਂ ਬਹੁਗਿਣਤੀ ਔਰਤਾਂ ਸਨ। ਮ੍ਰਿਤਕਾਂ ਵਿਚ ਸੱਤ ਬੱਚੇ ਤੇ ਇਕ ਮਰਦ ਵੀ ਸੀ।
ਯੂਪੀ ਪੁਲੀਸ ਨੇ ਸਤਿਸੰਗ ਦੇ ਪ੍ਰਬੰਧਕਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ, ਪਰ ਭੋਲੇ ਬਾਬਾ ਦਾ ਨਾਮ ਮੁਲਜ਼ਮਾਂ ਦੀ ਸੂਚੀ ਵਿਚ ਨਹੀਂ ਹੈ। ਸ਼ਿਕਾਇਤ ਵਿਚ ਹਾਲਾਂਕਿ ਸਾਧ ਦਾ ਨਾਮ ਜ਼ਰੂਰ ਹੈ। ਐੱਫਆਈਆਰ ਮੁਤਾਬਕ ਪ੍ਰਬੰਧਕਾਂ ਨੇ ਸਮਾਗਮ ਲਈ ਮਨਜ਼ੂਰੀ ਲੈਣ ਮੌਕੇ ਸਤਿਸੰਗ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਅਸਲ ਗਿਣਤੀ ਬਾਰੇ ਓਹਲਾ ਰੱਖਿਆ, ਆਵਾਜਾਈ ਪ੍ਰਬੰਧਨ ਵਿਚ ਕੋਈ ਸਹਿਯੋਗ ਨਹੀਂ ਦਿੱਤਾ ਤੇ ਭਾਜੜ ਮਗਰੋਂ ਸਬੂਤ ਲੁਕਾਉਣ ਦੀ ਕੋਸ਼ਿਸ਼ ਕੀਤੀ। ਐੱਫਆਈਆਰ ਵਿਚ ਪੁਲੀਸ ਤੇ ਪ੍ਰਸ਼ਾਸਨ ਨੂੰ ਸਪਸ਼ਟ ਰੂਪ ਵਿਚ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਮੌਕੇ ’ਤੇ ਉਪਲਬਧ ਵਸੀਲਿਆਂ ਮੁਤਾਬਕ ਹਰ ਸੰਭਵ ਕਾਰਵਾਈ ਕੀਤੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਿਕੰਦਰ ਰਾਓ ਪੁਲੀਸ ਥਾਣੇ ਵਿਚ ਮੰਗਲਵਾਰ ਦੇਰ ਰਾਤ ਦਰਜ ਐੱਫਆਈਆਰ ਵਿਚ ‘ਮੁੱਖ ਸੇਵਾਦਾਰ’ ਦੇਵਪ੍ਰਕਾਸ਼ ਮਧੂਕਰ ਤੇ ਹੋਰਨਾਂ ਪ੍ਰਬੰਧਕਾਂ ਦੇ ਨਾਮ ਸ਼ਾਮਲ ਹਨ। ਐੱਫਆਈਆਰ ਵਿਚ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਐੱਫਆਈਆਰ ਮੁਤਾਬਕ ਪ੍ਰਬੰਧਕਾਂ ਨੇ ਕਰੀਬ 80,000 ਲੋਕਾਂ ਲਈ ਮਨਜ਼ੂਰੀ ਮੰਗੀ ਸੀ, ਜਿਸ ਲਈ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਸਨ ਜਦੋਂਕਿ ਸਤਿਸੰਗ ਲਈ ਢਾਈ ਲੱਖ ਤੋਂ ਵੱਧ ਲੋਕ ਇਕੱਤਰ ਹੋਏ। ਏਟਾ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਵੱਡੀ ਗਿਣਤੀ ਲੋਕਾਂ ਦੀ ਮੌਤ ਸਾਹ ਘੁੱਟਣ ਕਰਕੇ ਹੋਈ। -ਪੀਟੀਆਈ

ਸਰਕਾਰ ਖਾਨਾਪੂਰਤੀ ਦੀ ਥਾਂ ਕਾਰਵਾਈ ਕਰੇ: ਪ੍ਰਿਯੰਕਾ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖਾਨਾਪੂਰਤੀ ਦੀ ਥਾਂ ਕਾਰਵਾਈ ਕਰੇ ਅਤੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਯੋਜਨਾਬੰਦੀ ਤਿਆਰ ਕਰੇ। ਗਾਂਧੀ ਨੇ ਕਿਹਾ ਕਿ ਜਦੋਂ ਤੱਕ ਜਵਾਬਦੇਹੀ ਤੈਅ ਨਹੀਂ ਹੁੰਦੀ, ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ।

ਮਾਹਿਰਾਂ ਦੀ ਟੀਮ ਬਣਾਉਣ ਲਈ ਸੁਪਰੀਮ ਕੋਰਟ ’ਚ ਦਸਤਕ

ਨਵੀਂ ਦਿੱਲੀ: ਸੁਪਰੀਮ ਕੋਰਟ ਵਿਚ ਅੱਜ ਇਕ ਪਟੀਸ਼ਨ ਦਾਇਰ ਕਰ ਕੇ ਹਾਥਰਸ ਭਗਦੜ ਘਟਨਾ ਦੀ ਜਾਂਚ ਲਈ ਸਿਖਰਲੀ ਅਦਾਲਤ ਦੇ ਕਿਸੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਪੰਜ ਮੈਂਬਰੀ ਮਾਹਿਰਾਂ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ। ਐਡਵੋਕੇਟ ਵਿਸ਼ਾਲ ਤਿਵਾੜੀ ਵੱਲੋਂ ਦਾਇਰ ਪਟੀਸ਼ਨ ਵਿਚ ਇਹ ਮੰਗ ਵੀ ਕੀਤੀ ਗਈ ਕਿ ਯੂਪੀ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ 2 ਜੁਲਾਈ ਦੀ ਇਸ ਘਟਨਾ ਸਬੰਧੀ ਸਟੇਟਸ ਰਿਪੋਰਟ ਦਾਖ਼ਲ ਕਰਕੇ ਅਣਗਹਿਲੀ ਵਰਤਣ ਵਾਲੀਆਂ ਅਥਾਰਿਟੀਜ਼, ਅਧਿਕਾਰੀਆਂ ਤੇ ਹੋਰਨਾਂ ਖਿਲਾਫ਼ ਕਾਨੂੰਨੀ ਕਾਰਵਾਈ ਵਿੱਢੇ। ਪਟੀਸ਼ਨਰ ਨੇ ਭਾਜੜ ਜਿਹੀਆਂ ਘਟਨਾਵਾਂ ਨਾਲ ਸਿੱਝਣ ਲਈ ਬਲਾਕ/ਤਹਿਸੀਲ ਤੋਂ ਜ਼ਿਲ੍ਹਾ ਪੱਧਰ ਤੱਕ ਉਪਲਬਧ ਮੈਡੀਕਲ ਸਹੂਲਤਾਂ ਦੇ ਸਟੇਟਸ ਬਾਰੇ ਰਾਜਾਂ ਤੋਂ ਰਿਪੋਰਟ ਮੰਗਣ ਦੀ ਮੰਗ ਕੀਤੀ ਹੈ। -ਪੀਟੀਆਈ

ਰੂਸੀ ਰਾਸ਼ਟਰਪਤੀ ਪੂਤਿਨ ਨੇ ਦੁੱਖ ਜਤਾਇਆ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਪੀ ਵਿਚ ਧਾਰਮਿਕ ਸਮਾਗਮ ਦੌਰਾਨ ਭਗਦੜ ਮਚਣ ਕਰਕੇ 121 ਵਿਅਕਤੀਆਂ ਦੀ ਮੌਤ ’ਤੇ ਦੁੱਖ ਜਤਾਇਆ ਹੈ। ਭਾਰਤ ਵਿਚਲੇ ਰੂਸੀ ਸਫਾਰਤਖਾਨੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਦੀ ਆਪਣੀ ਹਮਰੁਤਬਾ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਸ਼ੋਕ ਸੁਨੇੇਹੇ ਵਿਚ ਯੂਪੀ ਵਿਚ ਵਾਪਰੇ ਦਰਦਨਾਕ ਹਾਦਸੇ ’ਤੇ ਦੁੱਖ ਜਤਾਇਆ ਹੈ। ਕਿਰਪਾ ਕਰਕੇ ਇਨ੍ਹਾਂ ਸੰਵੇਦਨਾਵਾਂ ਨੂੰ ਸਵੀਕਾਰ ਕੀਤਾ ਜਾਵੇ।’’

Advertisement
Author Image

joginder kumar

View all posts

Advertisement