ਹਸਪਤਾਲ ’ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਪੂਰਬੀ ਦਿੱਲੀ ’ਚ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਸ੍ਰੀ ਸਕਸੈਨਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦਿੱਲੀ ਵਿਚ ਬੱਚਿਆਂ ਦੇ ਹਸਪਤਾਲ ਵਿਚ ਅੱਗ ਲੱਗਣ ਦੀ ਦੁਖਦਾਈ ਘਟਨਾ ਦੀ ਜਾਂਚ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਨਾਲ ਹੀ ਪੁਲੀਸ ਕਮਿਸ਼ਨਰ ਨੂੰ ਉਹ ਸਭ ਕੁਝ ਯਕੀਨੀ ਬਣਾਉਣ ਲਈ ਕਿਹਾ ਹੈ, ਜੋ ਜ਼ਰੂਰੀ ਹੈ। ਪੀੜਤ ਪਰਿਵਾਰਾਂ ਨੂੰ ਮੇਰੀ ਦਿਲੀ ਸੰਵੇਦਨਾ।’’ ਸਕਸੈਨਾ ਨੇ ਕਿਹਾ, “ਮੈਂ ਪੀੜਤ ਪਰਿਵਾਰਾਂ ਨੂੰ ਪੂਰੀ ਰਾਹਤ ਦਾ ਭਰੋਸਾ ਦਿਵਾਉਂਦਾ ਹਾਂ ਅਤੇ ਇਹ ਯਕੀਨੀ ਬਣਾਵਾਂਗਾ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਂਦਾ ਜਾਵੇ।” ਉਧਰ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸਿਹਤ ਸਕੱਤਰ ਦੀਪਕ ਕੁਮਾਰ ਅਤੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਉਕਤ ਘਟਨਾ ਬਾਰੇ ਨਿਰਦੇਸ਼ ਦਿੱਤੇ ਹਨ। ਮੰਤਰੀ ਵੱਲੋਂ ਇਹ ਹੁਕਮ ਈਮੇਲ ਰਾਹੀਂ ਭੇਜੇ ਗਏ। ਸਿਹਤ ਮੰਤਰੀ ਨੇ ਇਸ ਘਟਨਾ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੇ ਨਿਰਦੇਸ਼ ਦਿੱਤੇ ਹਨ। ਸੌਰਭ ਭਾਰਦਵਾਜ ਵੱਲੋਂ ਬਚਾਏ ਗਏ ਬੱਚਿਆਂ ਦਾ ਚੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਹ ਇਲਾਜ ਫਰਿਸ਼ਤੇ ਸਕੀਮ ਅਧੀਨ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਜਲਦੀ ਮੁਆਵਜ਼ਾ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ। ਨਾਲ ਹੀ ਇਸ ਕੇਂਦਰ ਨੂੰ ਚਲਾ ਰਹੇ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਦਿੱਤੇ ਗਏ ਹਨ।
ਅੱਗ ਦੀ ਘਟਨਾ ’ਤੇ ਦਿੱਲੀ ਵਿੱਚ ਸਿਆਸਤ ਭਖੀ
ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਖੇਤਰ ਵਿੱਚ ਰਾਤ ਨੂੰ ਬੱਚਿਆਂ ਦੇ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ ਅਤੇ ਸੱਤ ਨਵਜੰਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਦਿੱਲੀ ਦੀ ਸਿਆਸਤ ਗਰਮਾ ਗਈ ਹੈ। ਭਾਜਪਾ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਕੌਮੀ ਰਾਜਧਾਨੀ ਵਿੱਚ ਅੱਗ ਦੀ ਤਾਜ਼ਾ ਘਟਨਾ ਲਈ ਕੌਣ ਜ਼ਿੰਮੇਵਾਰ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਵਿਵੇਕ ਵਿਹਾਰ, ਦਿੱਲੀ ਵਿੱਚ ਘਟਨਾ ਵਾਲੀ ਥਾਂ ’ਤੇ ਪਹੁੰਚਿਆ ਅਤੇ ਇਸ ਦਿਲ ਦਹਿਲਾਉਣ ਵਾਲੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਹਾਂ। ਮੈਂ ਪ੍ਰਸ਼ਾਸਨ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਅਤੇ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ।’’ ਉਧਰ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਉਦੋਂ ਵਿਵਾਦ ਛੇੜ ਦਿੱਤਾ, ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਸੁਣਿਆ ਸੀ। ਭਾਰਦਵਾਜ ਨੇ ਕਈ ਵਾਰ ਸਿਹਤ ਸਕੱਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। ਤੁਰੰਤ ਜਾਂਚ ਦੀ ਮੰਗ ਕੀਤੀ ਤੇ ਅਧਿਕਾਰੀਆਂ ਨੂੰ ਲਾਪ੍ਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਲਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ। ਦਿੱਲੀ ਦੇ ਸਿਹਤ ਮੰਤਰੀ ਨੇ ਐਤਵਾਰ ਸਵੇਰੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ,“ਹਾਲਾਂਕਿ ਇਹ ਘਟਨਾ ਬੀਤੀ ਰਾਤ 11.30 ਵਜੇ ਦੇ ਕਰੀਬ ਵਾਪਰੀ, ਮੈਨੂੰ ਇਸ ਘਟਨਾ ਬਾਰੇ ਅੱਜ ਸਵੇਰੇ ਇੱਕ ਮੀਡੀਆ ਫਲੈਸ਼ ਰਾਹੀਂ ਪਤਾ ਲੱਗਾ। ਮੈਂ ਸਕੱਤਰ (ਸਿਹਤ) ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੂੰ ਕਈ ਵਟਸਐਪ ਸੰਦੇਸ਼ ਛੱਡੇ ਹਨ ਪਰ ਉਨ੍ਹਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਇਸ ਲਈ, ਮੈਂ ਇਕੱਲੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।