ਬੀਕਾਨੇਰ ਹਾਊਸ ਦੀ ਕੁਰਕੀ ਦੇ ਹੁਕਮ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਦੀ ਅਦਾਲਤ ਨੇ ਇੱਕ ਕੰਪਨੀ ਨੂੰ 50.31 ਲੱਖ ਰੁਪਏ ਦੀ ਸਾਲਸੀ ਰਾਸ਼ੀ ਦੀ ਅਦਾਇਗੀ ਨਾ ਕਰਨ ’ਤੇ ਰਾਜਸਥਾਨ ਵਿੱਚ ਨੋਖਾ ਨਗਰ ਕੌਂਸਲ ਦੀ ਮਲਕੀਅਤ ਵਾਲੇ ਬੀਕਾਨੇਰ ਹਾਊਸ ਨੂੰ ਕੁਰਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਜ਼ਿਲ੍ਹਾ ਜੱਜ ਵਿਦਿਆ ਪ੍ਰਕਾਸ਼ ਨੇ ਆਦੇਸ਼ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਦਾਇਰ ਕੀਤੀ ਗਈ ਅਪੀਲ ਖਾਰਜ ਹੋਣ ਮਗਰੋਂ ‘ਐਨਵਾਇਰੋ ਇੰਫਰਾ ਇੰਜਨੀਅਰਜ਼ ਪ੍ਰਾਈਵੇਟ ਲਿਮਟਡ’ ਦੇ ਪੱਖ ਵਿੱਚ 2020 ਦਾ ਸਾਲਸੀ ਆਦੇਸ਼ ਅੰਤਿਮ ਹੋ ਗਿਆ ਹੈ। ਜੱਜ ਨੇ 18 ਸਤੰਬਰ ਨੂੰ ਪਾਸ ਆਦੇਸ਼ ਵਿੱਚ ਕਿਹਾ ਕਿ ਅਦਾਲਤ ਦੇ ਨਿਰਦੇਸ਼ ਦਾ ਪਾਲਣ ਨਹੀਂ ਕੀਤਾ ਗਿਆ। ਜੱਜ ਨੇ ਕਿਹਾ, ‘‘ਇਸ ਗੱਲ ’ਤੇ ਗੌਰ ਕਰਦਿਆਂ ਕਿ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਦੇਣਦਾਰ ਆਪਣੀ ਜਾਇਦਾਦ ਦਾ ਹਲਫ਼ਨਾਮਾ ਪੇਸ਼ ਕਰਨ ਦੇ ਨਿਰਦੇਸ਼ ਦਾ ਪਾਲਣ ਕਰਨ ਵਿੱਚ ਨਾਕਾਮ ਰਿਹਾ ਹੈ, ਅਦਾਲਤ ਨੇ ਡਿਕਰੀ ਧਾਰਕ (ਡੀਐੱਚ) ਵੱਲੋਂ ਪੇਸ਼ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਦੇਖਿਆ ਕਿ ਦੇਣਦਾਰ ਦੀ ਅਚੱਲ ਜਾਇਦਾਦ ਯਾਨੀ ਬੀਕਾਨੇਰ ਹਾਊਸ ਖ਼ਿਲਾਫ਼ ਕੁਰਕੀ ਵਾਰੰਟ ਜਾਰੀ ਕਰਨ ਦਾ ਇਹ ਢੁਕਵਾਂ ਮਾਮਲਾ ਹੈ।’’ ਅਦਾਲਤ ਨੇ 21 ਜਨਵਰੀ 2020 ਨੂੰ ਸਾਲਸੀ ਟ੍ਰਿਬਿਊਨਲ ਵੱਲੋਂ ਦਿੱਤੇ ਆਦੇਸ਼ ਨੂੰ ਲਾਗੂ ਕਰਨ ਦੀ ਅਪੀਲ ਕਰਨ ਵਾਲੀ ਅਰਜ਼ੀ ’ਤੇ ਇਹ ਹੁਕਮ ਦਿੱਤਾ। ਜੱਜ ਨੇ ਕਿਹਾ ਕਿ ਨੋਖਾ ਨਗਰ ਕੌਂਸਲ ਜਾਇਦਾਦ ਨੂੰ ਨਾ ਵੇਚ ਸਕਦੀ ਹੈ ਤੇ ਨਾ ਹੀ ਤੋਹਫੇ ਆਦਿ ਵਜੋਂ ਇਸ ਨੂੰ ਤਬਦੀਲ ਕਰ ਸਕਦੀ ਹੈ। ਜੱਜ ਨੇ ਨੋਖਾ ਨਗਰ ਕੌਂਸਲ ਦੇ ਨੁਮਾਇੰਦੇ ਨੂੰ 29 ਨਵੰਬਰ ਨੂੰ ਅਗਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ