ਜਬਰੀ ਪਟਾਕੇ ਚੁੱਕਣ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜਸਵੰਤ ਜੱਸ
ਫਰੀਦਕੋਟ, 2 ਨਵੰਬਰ
ਦੀਵਾਲੀ ਵਾਲੇ ਦਿਨ ਸਿਟੀ ਪੁਲੀਸ ਫਰੀਦਕੋਟ ਦੇ ਦੋ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਦੁਕਾਨਦਾਰ ਦੀ ਸਟਾਲ ਤੋਂ ਕਥਿਤ ਤੌਰ ’ਤੇ ਜਬਰਦਸਤੀ ਪਟਾਕੇ ਚੁੱਕਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਦੋਵਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਖੋਲ੍ਹ ਦਿੱਤੀ ਗਈ ਹੈ। ਸੂਚਨਾ ਅਨੁਸਾਰ ਸਿਟੀ ਪੁਲੀਸ ਫਰੀਦਕੋਟ ਦੇ ਦੋ ਮੁਲਾਜ਼ਮ ਸਰਕਾਰੀ ਗੱਡੀ ਉੱਪਰ ਇੱਥੋਂ ਦੇ ਭਾਈ ਘਨੱਈਆ ਚੌਕ ਵਿੱਚ ਦੁਕਾਨ ’ਤੇ ਪੁੱਜੇ ਅਤੇ ਉਨ੍ਹਾਂ ਨੇ ਬਿਨਾਂ ਪੈਸੇ ਦਿੱਤੇ ਆਪਣੀ ਮਰਜ਼ੀ ਨਾਲ ਪਟਾਕੇ ਚੁੱਕ ਕੇ ਸਰਕਾਰੀ ਗੱਡੀ ਵਿੱਚ ਰੱਖ ਲਏ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਪੁਲੀਸ ਮੁਲਾਜ਼ਮਾਂ ਨੇ ਵਰਦੀ ਵਿੱਚ ਹੁੰਦਿਆਂ ਗੈਰਕਾਨੂੰਨੀ ਕੰਮ ਕੀਤਾ ਹੈ, ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵਾਂ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਦੁਕਾਨਦਾਰ ਨੇ ਪੁਲੀਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਵੀਡੀਓ ਤੋਂ ਪਤਾ ਲੱਗਾ।