ਸਿੱਧਾਰਮੱਈਆ ਖ਼ਿਲਾਫ਼ 29 ਤੱਕ ਕਾਰਵਾਈ ਨਾ ਕਰਨ ਦੇ ਹੁਕਮ
ਬੰਗਲੂਰੂ, 19 ਅਗਸਤ
ਕਰਨਾਟਕ ਹਾਈ ਕੋਰਟ ਨੇ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਜ਼ਮੀਨ ਘੁਟਾਲੇ ਦੇ ਸਬੰਧ ’ਚ ਲੋਕ ਪ੍ਰਤੀਨਿਧਾਂ ਬਾਰੇ ਵਿਸ਼ੇਸ਼ ਅਦਾਲਤ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਾਮਲੇ ’ਤੇ ਸੁਣਵਾਈ 29 ਅਗਸਤ ਤੱਕ ਮੁਲਤਵੀ ਕਰ ਦੇਵੇ। ਮੁੱਖ ਮੰਤਰੀ ਵੱਲੋਂ ਰਾਜਪਾਲ ਦੇ 16 ਅਗਸਤ ਨੂੰ ਜਾਰੀ ਹੁਕਮਾਂ ਦੀ ਵਾਜਬੀਅਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਐੱਮ. ਨਾਗਪ੍ਰਸੰਨਾ ਨੇ ਕਿਹਾ ਕਿ ਇਸ ਬਾਰੇ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਮਾਮਲੇ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਅਤੇ ਅਜੇ ਦਲੀਲਾਂ ਮੁਕੰਮਲ ਨਹੀਂ ਹੋਈਆਂ ਹਨ ਤਾਂ ਸੁਣਵਾਈ ਦੀ ਅਗਲੀ ਤਰੀਕ ਤੱਕ ਸਬੰਧਤ ਅਦਾਲਤ ਨੂੰ ਆਪਣੀ ਕਾਰਵਾਈ ਮੁਲਤਵੀ ਕਰ ਦੇਣੀ ਚਾਹੀਦੀ ਹੈ। ਹਾਈ ਕੋਰਟ ’ਚ ਸਿੱਧਾਰਮੱਈਆ ਵੱਲੋਂ ਸੀਨੀਅਰ ਵਕੀਲ ਅਤੇ ਕਾਂਗਰਸ ਤਰਜਮਾਨ ਅਭਿਸ਼ੇਕ ਮਨੂ ਸਿੰਘਵੀ ਨੇ ਪੱਖ ਰੱਖਿਆ ਜਦਕਿ ਰਾਜਪਾਲ ਵੱਲੋਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ।
ਰਾਜਪਾਲ ਨੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੀ ਧਾਰਾ 17ਏ ਅਤੇ ਭਾਰਤੀ ਨਿਆਏ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 218 ਤਹਿਤ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਮਾਮਲੇ ’ਚ ਪ੍ਰਦੀਪ ਕੁਮਾਰ ਐੱਸਪੀ, ਟੀਜੇ ਅਬਰਾਹਮ ਅਤੇ ਸਨੇਹਮਈ ਕ੍ਰਿਸ਼ਨਾ ਨੇ ਰਾਜਪਾਲ ਨੂੰ ਸ਼ਿਕਾਇਤ ਕੀਤੀ ਸੀ। ਅਬਰਾਹਮ ਅਤੇ ਕ੍ਰਿਸ਼ਨਾ ਨੇ ਵਿਸ਼ੇਸ਼ ਅਦਾਲਤ ਦਾ ਰੁਖ਼ ਕੀਤਾ ਸੀ ਜਿਸ ’ਤੇ ਮੰਗਲਵਾਰ ਅਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ।
ਪਟੀਸ਼ਨ ’ਚ ਮੁੱਖ ਮੰਤਰੀ ਨੇ ਕਿਹਾ ਕਿ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਦਾ ਹੁਕਮ ਬਿਨਾਂ ਸੋਚੇ-ਸਮਝੇ ਜਾਰੀ ਕੀਤਾ ਗਿਆ ਜੋ ਵਿਧਾਨਕ ਹੁਕਮਾਂ ਦੀ ਉਲੰਘਣਾ ਹੈ ਅਤੇ ਮੰਤਰੀ ਮੰਡਲ ਦੀ ਸਲਾਹ ਸਮੇਤ ਸੰਵਿਧਾਨਕ ਸਿਧਾਂਤਾਂ ਦੇ ਉਲਟ ਹੈ ਜੋ ਸੰਵਿਧਾਨ ਦੀ ਧਾਰਾ 163 ਤਹਿਤ ਬੱਝੇ ਹੋਏ ਹਨ। ਸਿੱਧਾਰਮੱਈਆ ਨੇ ਮੰਗ ਕੀਤੀ ਹੈ ਕਿ ਹੋਰ ਰਾਹਤਾਂ ਸਮੇਤ ਰਾਜਪਾਲ ਦੇ ਹੁਕਮਾਂ ਨੂੰ ਖਾਰਜ ਕੀਤਾ ਜਾਵੇੇ। -ਪੀਟੀਆਈ
ਕਾਂਗਰਸ ਅਤੇ ਭਾਜਪਾ ਆਗੂ ਸੜਕਾਂ ’ਤੇ ਉਤਰੇ
ਬੰਗਲੂਰੂ:
ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਜ਼ਮੀਨ ਅਲਾਟਮੈਂਟ ’ਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਦੇ ਮਾਮਲੇ ’ਚ ਕਾਂਗਰਸ ਅਤੇ ਭਾਜਪਾ ਆਗੂ ਤੇ ਵਰਕਰ ਸੜਕਾਂ ਉਪਰ ਆ ਗਏ ਹਨ। ਕਾਂਗਰਸ ਆਗੂਆਂ ਦਾ ਦੋਸ਼ ਹੈ ਕਿ ਰਾਜਪਾਲ ਬਿਨਾਂ ਕਿਸੇ ਵਜ੍ਹਾ ਦੇ ਸਿਆਸਤ ਕਰਕੇ ਲੋਕਤੰਤਰ ਦੀ ਹੱਤਿਆ ਕਰ ਰਹੇ ਹਨ ਜਦਕਿ ਭਾਜਪਾ ਨੇ ਸਿੱਧਾਰਮੱਈਆ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਕਾਂਗਰਸ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਬੰਗਲੂਰੂ, ਉਡੂਪੀ, ਮੰਗਲੂਰੂ, ਹੁਬਲੀ-ਧਾਰਵਾੜ, ਵਿਜੈਪੁਰਾ, ਕਲਬੁਰਗੀ, ਰਾਏਚੂਰ, ਟੁਮਕੁਰੂ ਅਤੇ ਮੈਸੂਰੂ ਸਮੇਤ ਕਰਨਾਟਕ ਦੇ ਵੱਖ ਵੱਖ ਹਿੱਸਿਆਂ ’ਚ ਪ੍ਰਦਰਸ਼ਨ ਕੀਤੇ। ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਇਥੇ ‘ਫ੍ਰੀਡਮ ਪਾਰਕ’ ਤੋਂ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਜਿਸ ’ਚ ਕਈ ਮੰਤਰੀ ਵੀ ਸ਼ਾਮਲ ਹੋਏ। ਉਧਰ ਭਾਜਪਾ ਪ੍ਰਦੇਸ਼ ਪ੍ਰਧਾਨ ਬੀਵਾਈ ਵਿਜੇਂਦਰ ਨੇ ਵਿਧਾਨ ਸੌਧ ਦੇ ਅਹਾਤੇ ’ਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਧਰਨਾ ਦਿੱਤਾ। ਭਾਜਪਾ ਆਗੂਆਂ ਨੇ ਕਿਹਾ ਕਿ ਸਿੱਧਾਰਮੱਈਆ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਉਹ ਅਸਤੀਫ਼ਾ ਦੇ ਕੇ ਪਾਰਦਰਸ਼ੀ ਤੇ ਨਿਰਪੱਖ ਜਾਂਚ ਲਈ ਰਾਹ ਪੱਧਰਾ ਕਰਨ। ਧਰਨੇ ’ਚ ਸਾਬਕਾ ਮੁੱਖ ਮੰਤਰੀ ਡੀਵੀ ਸਦਾਨੰਦ ਗੌੜਾ ਵੀ ਮੌਜੂਦ ਸਨ। -ਪੀਟੀਆਈ