For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਚ 17 ਤੱਕ ‘ਔਰੇਂਜ’ ਅਲਰਟ ਜਾਰੀ

06:49 AM Jun 14, 2024 IST
ਪੰਜਾਬ ਵਿਚ 17 ਤੱਕ ‘ਔਰੇਂਜ’ ਅਲਰਟ ਜਾਰੀ
ਬਠਿੰਡਾ ਵਿੱਚ ਲੜਕੀਆਂ ਮੂੰਹ-ਸਿਰ ਢੱਕ ਕੇ ਮੰਜ਼ਿਲ ਵੱਲ ਜਾਂਦੀਆਂ ਹੋਈਆਂ। -ਫੋਟੋ: ਪਵਨ ਸ਼ਰਮਾ
Advertisement

* ਪਠਾਨਕੋਟ 47.8 ਡਿਗਰੀ ਨਾਲ ਸਭ ਤੋਂ ਵੱਧ ਤਪਿਆ

Advertisement

ਆਤਿਸ਼ ਗੁਪਤਾ
ਚੰਡੀਗੜ੍ਹ, 13 ਜੂਨ
ਪੰਜਾਬ ਵਿੱਚ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਰਕੇ ਲੋਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਅਤਿ ਦੀ ਇਸ ਗਰਮੀ ਦਰਮਿਆਨ ਸ਼ੁੱਕਰਵਾਰ ਨੂੰ ਮਾਝੇ ਤੇ ਦੋਆਬੇ ਵਿੱਚ ਪਹਾੜਾਂ ਦੇ ਨਾਲ ਪੈਂਦੇ ਇਲਾਕਿਆਂ ਵਿੱਚ ਹਨੇਰੀ ਦੇ ਨਾਲ ਕਿਣ-ਮਿਣ ਹੋ ਸਕਦੀ ਹੈ। ਇਸ ਹਨੇਰੀ ਦਾ ਅਸਰ ਮਾਲਵੇ ਤੱਕ ਵੀ ਦੇਖਿਆ ਜਾਵੇਗਾ। ਹਾਲਾਂਕਿ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਬਹੁਤੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 17 ਜੂਨ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਗਿਆਨੀਆਂ ਨੇ ਸੂਬੇ ਵਿੱਚ ‘ਔਰੇਂਜ’ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦਾ ਪਠਾਨਕੋਟ ਸ਼ਹਿਰ ਅੱਜ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਤਾਪਮਾਨ 3 ਤੋਂ 7 ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਸੂਬੇ ਵਿੱਚ ਸਾਰਾ ਦਿਨ ਲੂ ਚੱਲ ਰਹੀ ਸੀ, ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਦਿਹਾੜੀਦਾਰ ਕਾਮਿਆਂ ਨੂੰ ਵੀ ਅਤਿ ਦੀ ਗਰਮੀ ਵਿੱਚ ਕੰਮ ਕਰਨ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ ਵੀ 10 ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਬਿਜਲੀ ਦਾ ਲੋਡ ਵਧਣ ਕਰਕੇ ਕਈ ਥਾਵਾਂ ’ਤੇ ਵੱਡੇ-ਵੱਡੇ ਬਿਜਲੀ ਦੇ ਕੱਟ ਵੀ ਲੱਗੇ ਹੋਏ ਸਨ। ਗਰਮੀ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਹਨ, ਜੋ ਸਵੇਰ ਤੇ ਸ਼ਾਮ ਸਮੇਂ ਖੇਤੀ ਕਰ ਰਹੇ ਹਨ, ਪਰ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਨੂੰ ਦਿਨ ਸਮੇਂ ਕੜਾਕੇ ਦੀ ਧੁੱਪ ਵਿੱਚ ਕੰਮ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 45.2 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 45.1 ਡਿਗਰੀ, ਪਟਿਆਲਾ ਵਿੱਚ 45.6 ਡਿਗਰੀ, ਪਠਾਨਕੋਟ ਵਿੱਚ 46.1 ਡਿਗਰੀ ਸੈਲਸੀਅਸ, ਬਠਿੰਡਾ ਏਅਰਪੋਰਟ ’ਤੇ 47 ਡਿਗਰੀ, ਬਠਿੰਡਾ ਸ਼ਹਿਰ ਵਿੱਚ 44 ਡਿਗਰੀ, ਗੁਰਦਾਸਪੁਰ ਵਿੱਚ 44.7 ਡਿਗਰੀ, ਨਵਾਂ ਸ਼ਹਿਰ ਵਿੱਚ 43.9 ਡਿਗਰੀ ਸੈਲਸੀਅਸ, ਬਰਨਾਲਾ ਵਿੱਚ 44.5 ਡਿਗਰੀ, ਫਰੀਦਕੋਟ ਵਿੱਚ 46.1 ਡਿਗਰੀ, ਫਤਿਹਗੜ੍ਹ ਸਾਹਿਬ ਵਿੱਚ 44.9 ਡਿਗਰੀ, ਫਿਰੋਜ਼ਪੁਰ ਵਿੱਚ 44.3 ਡਿਗਰੀ, ਜਲੰਧਰ ਵਿੱਚ 43.8 ਡਿਗਰੀ ਸੈਲਸੀਅਸ, ਮੋਗਾ ਵਿੱਚ 43.7 ਡਿਗਰੀ ਸੈਲਸੀਅਸ, ਮੁਹਾਲੀ ਵਿੱਚ 44.5 ਡਿਗਰੀ ਸੈਲਸੀਅਸ, ਰੋਪੜ ਵਿੱਚ 43.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

Advertisement
Author Image

joginder kumar

View all posts

Advertisement
Advertisement
×