ਸ਼ਰਾਬ ਦੇ ਡੱਬੇ ’ਤੇ ਪੰਜਾਬੀ ਦੋਹੇ ਲਿਖਣ ਦਾ ਵਿਰੋਧ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 20 ਦਸੰਬਰ
ਇਪਟਾ, ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਨਾਟਕਕਾਰ ਸੰਜੀਵਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੱਤਰ ਲਿਖ ਕੇ ਇੱਕ ਕੰਪਨੀ ਵੱਲੋਂ ਸ਼ਰਾਬ ਦੇ ਭਗਵੇਂ ਰੰਗ ਦੇ ਡੱਬੇ ਉੱਤੇ ਪੰਜਾਬੀ ਵਿੱਚ ਦੋਹੇ ਲਿਖਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ ਉੱਤੇ ਦੋਹੇ ਲਿਖਣਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਦੀ ਸ਼ਰਾਬ ਦੀ ਬੋਤਲ ਉੱਤੇ ਪੰਜਾਬੀ ਦੋਹੇ ‘ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆਂ, ਫਿਰ ਮਿੱਟੀ ਦੀ ਬਣ ਗਈ ਢੇਰੀ’ ਅੰਕਿਤ ਹੈ। ਉਨ੍ਹਾਂ ਕਿਹਾ ਕਿ ਦੋਹਿਆਂ ਦਾ ਗੁਰੂ ਕਾਲ ਦੇ ਸਾਹਿਤ ਨਾਲ ਸਬੰਧ ਹੈ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਦੋਹਿਆਂ ਦਾ ਬਹੁਤ ਸਤਿਕਾਰ ਹੈ। ਇਪਟਾ ਪ੍ਰਧਾਨ ਨੇ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਅਤੇ ਸ਼ਰਧਾ ਦੀ ਪ੍ਰਵਾਹ ਕੀਤੇ ਬਿਨਾਂ ਕਈ ਕੰਪਨੀਆਂ ਜਾਣ-ਬੁੱਝ ਕੇ ਖਾਧ-ਖ਼ੁਰਾਕ ਅਤੇ ਹੋਰ ਵਰਤੇ ਜਾਣ ਵਾਲੇ ਉਤਪਾਦਾਂ ’ਤੇ ਧਾਰਮਿਕ ਚਿੰਨਾਂ ਜਾਂ ਤੁਕਾਂ ਦੀ ਵਰਤੋਂ ਕਰਦੀਆਂ ਸਨ। ਵਿਵਾਦ ਪੈਦਾ ਹੋਣ ’ਤੇ ਕੰਪਨੀਆਂ ਮੁਆਫ਼ੀ ਮੰਗ ਕੇ ਉਤਪਾਦ ਵਾਪਸ ਲੈ ਲੈਂਦੀਆਂ ਹਨ ਪਰ ਆਪਣੇ ਉਤਪਾਦ ਦੀ ਚਰਚਾ ਕਰਵਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਵਾਪਰ ਰਹੇ ਮੰਦਭਾਗੇ ਵਰਤਾਰੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤੀ ਨਾਲ ਨੱਥ ਪਾਈ ਜਾਵੇ, ਤਾਂ ਜੋ ਪਹਿਲਾਂ ਹੀ ਦਿੱਕਤਾਂ ਨਾਲ ਦੋ-ਚਾਰ ਹੋ ਰਹੇ ਪੰਜਾਬ ਦਾ ਮਾਹੌਲ ਖ਼ਰਾਬ ਨਾ ਹੋਵੇ।