For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਸੰਸਾਰ ਵਪਾਰ ਸੰਸਥਾ ਦਾ ਵਿਰੋਧ

07:23 AM Feb 26, 2024 IST
ਕਿਸਾਨਾਂ ਵੱਲੋਂ ਸੰਸਾਰ ਵਪਾਰ ਸੰਸਥਾ ਦਾ ਵਿਰੋਧ
ਜਗਰਾਓਂ ਵਿੱਚ ਲਾਮਬੰਦੀ ਮੀਟਿੰਗ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਫਰਵਰੀ
26 ਤੋਂ 29 ਫਰਵਰੀ ਤਕ ਆਬੂਧਾਬੀ ਵਿੱਚ ਹੋ ਰਹੀ ਸੰਸਾਰ ਵਪਾਰ ਸੰਸਥਾ ਦੀ ਮੀਟਿੰਗ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਇਸ ਮੀਟਿੰਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਭਰ ਦੇ ਰਾਸ਼ਟਰੀ ਰਾਜ ਮਾਰਗਾਂ ’ਤੇ ਕਿਸਾਨ ਭਲਕੇ ਟਰੈਕਟਰ ਖੜ੍ਹੇ ਕਰ ਕੇ ਸਾਮਰਾਜੀ ਕਾਰਪੋਰੇਟਾਂ ਵੱਲੋਂ ਡਬਲਿਓਟੀਓ ਰਾਹੀਂ ਕਿਸਾਨੀ ਅਤੇ ਆਮ ਲੋਕਾਂ ਦੀ ਲੁੱਟ ਤਿੱਖੀ ਕਰਨ ਲਈ ਬਣਾਈਆਂ ਜਾ ਰਹੀਆਂ ਸਬੀਲਾਂ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਬਲਾਕ ਦੀਆਂ ਸਾਰੀਆਂ ਇਕਾਈਆਂ ਦੀ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਭਲ ਕੇ 26 ਫਰਵਰੀ ਨੂੰ ਨਾਨਕਸਰ ਲਾਗੇ ਖੰਡ ਮਿੱਲ ਨੇੜੇ ਜੀਟੀ ਰੋਡ ’ਤੇ ਜਗਰਾਉਂ ਅਤੇ ਸਿੱਧਵਾਂ ਬੇਟ ਬਲਾਕ ਦੀਆਂ ਇਕਾਈਆਂ ਦੇ ਕਿਸਾਨ ਵੱਡੀ ਗਿਣਤੀ ’ਚ ਟਰੈਕਟਰ ਲੈ ਕੇ ਖੜ੍ਹਨਗੇ। ਇਹ ਕਿਸਾਨ ਵਿਸ਼ਵ ਵਪਾਰ ਸੰਸਥਾ ’ਚੋਂ ਭਾਰਤ ਦੇ ਬਾਹਰ ਆਉਣ ਦੀ ਮੰਗ ਕਰਨਗੇ। ਮੀਟਿੰਗ ’ਚ ਸੰਸਾਰ ਵਪਾਰ ਸੰਸਥਾ ਦੀਆਂ ਸ਼ਰਤਾਂ ਕਿ ਕਿਸਾਨਾਂ ਨੂੰ ਮਿਲਦੀਆਂ ਸਾਰੀਆਂ ਸਬਸਿਡੀਆਂ ਖ਼ਤਮ ਕਰਨ, ਮੰਡੀਆਂ ਤੱਕ ਟੈਕਸ ਮੁਕਤ ਰਸਾਈ ਖ਼ਤਮ ਕਰਨ ਤੇ ਆਜ਼ਾਦ ਮੁਕਾਬਲੇਬਾਜ਼ੀ ਤੇਜ਼ ਕਰਨ ਦਾ ਨੋਟਿਸ ਲਿਆ। ਸਾਮਰਾਜੀ ਕਾਰਪੋਰੇਟਾਂ ਦੀ ਸਰਦਾਰੀ ਵਾਲੀ ਸੰਸਥਾ ਭਾਰਤ ਵਰਗੇ ਦੇਸ਼ਾਂ ’ਚ ਸਬਸਿਡੀਆਂ ਦੀ ਸੀਮਾ ਸਿਰਫ 10 ਫੀਸਦੀ ਕਰਨਾ ਚਾਹੁੰਦੀ ਹੈ।

Advertisement

ਡਬਲਯੂਟੀਓ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਜਤਾਉਣਗੇ ਰੋਸ

ਲੁਧਿਆਣਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਐੱਸਕੇਐੱਮ ਦੇ ਸੱਦੇ ’ਤੇ ਡਬਲਿਯੂਟੀਓ ਦੀ ਜੋ ਮੀਟਿੰਗ 26 ਤੋਂ 28 ਫਵਰੀ ਤੱਕ ਸਾਊਦੀ ਅਰਬ ਵਿੱਚ ਹੋ ਰਹੀ ਹੈ, ਉਸ ਦੇ ਵਿਰੋਧ ਵਜੋਂ 26 ਫਰਵਰੀ ਨੂੰ ਦੇਸ਼ ਭਰ ਦੇ ਕਿਸਾਨ ਨੈਸ਼ਨਲ ਹਾਈਵੇ ਤੇ ਸੰਪਰਕ ਸੜਕਾਂ ’ਤੇ ਆਪਣੇ ਟਰੈਕਟਰ ਖੜ੍ਹੇ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਵੀ ਡਬਲਿਯੂਟੀਓ ਦਾ ਮੈਂਬਰ ਹੈ ਅਤੇ ਇਹੀ ਨੀਤੀਆਂ ਭਾਰਤ ਸਰਕਾਰ ਦੇਸ਼ ਅੰਦਰ ਲਾਗੂ ਕਰਨ ਜਾ ਰਹੀ ਹੈ। ਇਸ ਲਈ ਡਬਲਯੂਟੀਓ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਦੇਸ਼ ਭਰ ਦੇ ਕਿਸਾਨ ਆਪਣੇ ਟਰੈਕਟਰ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹੇ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰਨਗੇ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਆਖਿਆ।

ਬੀਕੇਯੂ ਉਗਰਾਹਾਂ ਵੱਲੋਂ ਬਲਾਕ ਮਲੌਦ ਦੇ ਪਿੰਡਾਂ ਵਿੱਚ ਲਾਮਬੰਦੀ

ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਮਲੌਦ ਦੇ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੌਦ, ਡੇਹਲੋਂ ਅਤੇ ਪੱਖੋਵਾਲ ਵੱਲੋਂ 26 ਫਰਵਰੀ ਨੂੰ ਕੌਮੀ ਅਤੇ ਰਾਜ ਮਾਰਗ ਸੜਕਾਂ ਉੱਪਰ ਟਰੈਕਟਰਾਂ ਦੀਆਂ ਲੰਮੀਆਂ ਲਾਈਨਾਂ ਲਾ ਕੇ ਸਰਕਾਰ ਵੱਲੋਂ ਹੱਕ ਮੰਗਦੇ ਕਿਸਾਨਾਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਅਤੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਦੀ ਜ਼ੋਰਦਾਰ ਤਿਆਰੀ ਕੀਤੀ ਕੀਤੀ ਜਾ ਰਹੀ ਹੈ। ਬਲਾਕ ਮਲੌਦ ਦੇ 25 ਪਿੰਡਾਂ ਵਿੱਚ ਗੱਡੀ ਤੇ ਸਪੀਕਰ ਲਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਟਰੈਕਟਰ ਲਾ ਕੇ ਲੁਧਿਆਣਾ-ਮਲੇਰਕੋਟਲਾ ਸੜਕ ’ਤੇ 26 ਫਰਵਰੀ ਨੂੰ ਠੀਕ 10.30 ਸਵੇਰੇ ਲੱਗ ਰਹੀਆਂ ਲੰਮੀਆਂ ਲਾਈਨਾਂ ਨੂੰ ਹੋਰ ਲੰਮੀਆਂ ਕਰਨ ਲਈ ਲਈ ਅਪੀਲ ਕੀਤੀ ਗਈ।

Advertisement
Author Image

Advertisement
Advertisement
×