ਮੁਸਲਿਮ ਭਾਈਚਾਰੇ ਵੱਲੋਂ ਵਕਫ਼ ਸੋਧ ਕਾਨੂੰਨ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਸਤੰਬਰ
ਮੁਸਲਿਮ ਭਾਈਚਾਰੇ ਨੇ ਵਕਫ ਸੋਧ ਕਾਨੂੰਨ ਦਾ ਵਿਰੋਧ ਕੀਤਾ ਹੈ। ਭਾਈਚਾਰੇ ਦੇ ਆਗੂਆਂ ਨੇ ਅੱਜ ਇਥੇ ਦੋਸ਼ ਲਾਇਆ ਕਿ ਇਹ ਵਕਫ਼ ਬਿੱਲ ਮੁਸਲਮਾਨਾਂ ਲਈ ਬੇਇਨਸਾਫ਼ੀ ਕਰਨ ਵਰਗਾ ਹੈ, ਇਹ ਕਿਸੇ ਵੀ ਧਰਮ ਵਿਚ ਦਖ਼ਲ ਦੇਣ ਦੇ ਬਰਾਬਰ ਹੈ। ਵਕਫ਼ ਐਕਟ ਦਾ ਤਿੱਖਾ ਵਿਰੋਧ ਕਰਦਿਆਂ ਮੁਸਲਿਮ ਭਾਈਚਾਰੇ ਦੇ ਆਗੂ ਕਾਰੀ ਸ਼ਕੀਲ ਅਹਿਮਦ, ਅਨਵਰ ਖਾਨ, ਸ਼ਾਹ ਨਵਾਜ਼ ਖਾਨ, ਇਸਮਾਈਲ ਖਾਨ, ਮੁਹੰਮਦ ਸ਼ਾਹਿਦ, ਸਿਰਾਜ ਮੁਹੰਮਦ ਸਿਤਾਰ ਮੁਹੰਮਦ, ਨਦੀਮ ਮੁਹੰਮਦ, ਕਾਦਰ ਹਾਫ਼ਜ਼, ਫਿਰੋਜ਼ ਆਲਮ, ਅਬੁਲ ਹਸਨ ਨੇ ਦੋਸ਼ ਲਾਇਆ ਕਿ ਭਾਜਪਾ ਧਰਮ ਤੇ ਆਸਥਾ ’ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਲੋਕ ਸਭਾ ਸੈਸ਼ਨ ਦੌਰਾਨ ਸੰਸਦੀ ਕਾਰਜ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰੀਜਿਜੂ ਵੱਲੋਂ ਪੇਸ਼ ਵਕਫ਼ (ਸੋਧ) ਐਕਟ ਬਿੱਲ-2024 ਨੂੰ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ ਕੀਤਾ ਜਾਵੇਗਾ। ਭਾਜਪਾ ਸਰਕਾਰ ਜਾਣ-ਬੁੱਝ ਕੇ ਮੁਸਲਿਮ ਭਾਈਚਾਰੇ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਨਿਰੋਲ ਧਾਰਮਿਕ ਅਦਾਰਾ ਹੈ ਜੋ ਮੁਸਲਿਮ ਸਮਾਜ ਦੀ ਭਲਾਈ ਲਈ ਕੰਮ ਕਰਦਾ ਹੈ ਅਤੇ ਇਸ ਅਧੀਨ ਆਉਂਦੇ ਅਦਾਰੇ ਜਿਵੇਂ ਸਕੂਲ, ਕਾਲਜ ਅਤੇ ਹਸਪਤਾਲ ਚੱਲ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਸ ਬਿੱਲ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਕੀਤੀ ਗਈ ਤਾਂ ਡੱਟਵਾਂ ਵਿਰੋਧ ਕੀਤਾ ਜਾਵੇਗਾ।