ਵਾਈਸ ਚਾਂਸਲਰ ਦੇ ‘ਨੋ ਵਰਕ ਨੋ ਪੇਅ’ ਲਾਗੂ ਕਰਨ ਦੇ ਹੁਕਮਾਂ ਦਾ ਵਿਰੋਧ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਵਾਈਸ ਚਾਂਸਲਰ ਦੀ ਅਣਹੋਂਦ ਦੇ ਚੱਲਦਿਆਂ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਆਈਏਐੱਸ ਅਧਿਕਾਰੀ ਕੇਕੇ ਯਾਦਵ ਵੱਲੋਂ ਧਰਨੇ ਮੁਜ਼ਾਹਰੇ ਕਰਨ ਵਾਲੇ ਮੁਲਾਜ਼ਮਾਂ ’ਤੇ ‘ਨੋ ਵਰਕ ਨੋ ਪੇਅ’ ਨਿਯਮ ਲਾਗੂ ਕਰਨ ਸਣੇ ਧਰਨਿਆਂ ਦੌਰਾਨ ਇਮਾਰਤਾਂ ਦੇ ਗੇਟ ਬੰਦ ਕਰਨ ਵਾਲ਼ਿਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਸਬੰਧੀ ਹੇਠਲੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮਾਂ ਦਾ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਹੋਰਨਾ ਧਿਰਾਂ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ।
ਡੀਐੱਮਐੱਫ ਦੇ ਸੂਬਾ ਸਕੱਤਰ ਡਾ. ਹਰਦੀਪ ਟੋਡਰਪੁਰ, ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਪੀਪੀਪੀਐੱਫ ਦੇ ਸੂਬਾ ਕਨਵੀਨਰ ਅਤਿੰਦਰਪਾਲ ਘੱਗਾ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜ਼ਿਲ੍ਹਾ ਕਨਵੀਨਰ ਸਤਪਾਲ ਸਮਾਣਵੀ, ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਦਰਸ਼ਨ ਸਿੰਘ ਬੇਲੂਮਾਜਰਾ, ਜਸਵੀਰ ਖੋਖਰ, ਬਿਜਲੀ ਮੁਲਾਜਮ ਆਗੂ ਸਣੇ ਕਈ ਹੋਰ ਮੁਲਾਜ਼ਮ ਆਗੂਆ ਨੇ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹੱੱਕ ਅਤੇ ਸੱਚ ਲਈ ਉੱਠਣ ਵਾਲ਼ੀ ਆਵਾਜ਼ ਨੂੰ ਦਬਾਉਣ ਵਾਲ਼ੀ ਕਾਰਵਾਈ ਹੈ। ਲੋਕਾਂ ਦੀ ਆਵਾਜ਼ ਦਬਾਉਣ ਲਈ ਸੰਘੀ ਨੱਪਣ ’ਤੇ ਤੁੱਲ ਇਸ ਕਾਰਵਾਈ ਦਾ ਵਿਆਪਕ ਰੂਪ ’ਚ ਵਿਰੋਧ ਹੋਣਾ ਚਾਹੀਦਾ ਹੈ। ਆਗੂਆਂ ਦਾ ਕਹਿਣਾ ਸੀ ਕਿ ਇਸ ਅਹਿਮ ਅਕਾਦਮਿਕ ਅਦਾਰੇ ’ਚ ਅਜਿਹਾ ਵਰਤਾਰਾ ਬਹੁਤ ਹੀ ਮੰਦਭਾਗਾ ਹੈ।
ਲੋਕ ਆਵਾਜ਼ ਦਬਾਉਣ ਵਾਲ਼ੀ ਕੀਤੀ ਕਾਰਵਾਈ ਮੰਦਭਾਗੀ: ਚੰਦੂਮਾਜਰਾ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਭਾਜਪਾ ਦੇ ਸੂਬਾਈ ਸਕੱਤਰ ਕੰਵਰਵੀਰ ਟੌਹੜਾ, ਸੂਬਾਈ ਆਗੂ ਹਰਿੰਦਰਪਾਲ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਤਵਿੰਦਰ ਸਿੰਘ ਟੌਹੜਾ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹਰਿੰਦਰਪਾਲ ਟੌਹੜਾ ਅਤੇ ਜਤਿੰਦਰ ਪਹਾੜੀਪੁਰ ਸਣੇ ਕਈ ਹੋਰ ਰਾਜਸੀ ਆਗੂਆਂ ਨੇ ਵੀ ‘ਨੋ ਵਰਕ ਨੋ ਪੇਅ’ ਅਤੇ ਪੁਲੀਸ ਕੇਸ ਦਰਜ ਕਰਾਉਣ ਸਬੰਧੀ ਵਾਈਸ ਚਾਂਸਲਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ‘ਆਪ’ ਸਰਕਾਰ ਨੂੰ ਪਤਨ ਵੱਲ ਨੂੰ ਲਿਜਾਅ ਰਹੀਆਂ ਹਨ।
ਕਿਸਾਨ ਆਗੂਆਂ ਨੇ ਵੀ ਲਿਆ ਨੋਟਿਸ
ਕਿਸਾਨ ਆਗੂਆਂ ਜਗਮੋਹਣ ਪਟਿਆਲਾ, ਡਾ. ਦਰਸ਼ਨ ਪਾਲ, ਮਨਜੀਤ ਨਿਆਲ਼, ਮਨਜੀਤ ਘੁਮਾਣਾਂ, ਰਣਜੀਤ ਸਵਾਜਪੁਰ ਤੇ ਹੋਰਨਾਂ ਨੇ ਵੀ ਯੂਨੀਵਰਸਿਟੀ ਵੱਲੋਂ ਜਾਰੀ ਅਜਿਹੇ ਹੁਕਮਾਂ ਦਾ ਗੰਭੀਰ ਨੋਟਿਸ ਲਿਆ ਹੈ। ਆਗੂਆਂ ਦਾ ਕਹਿਣਾ ਸੀ ਕਿ ਜੇ ਇਸ ਹੱਦ ਤਕ ਕਿਸੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਕਿਸਾਨ ਧਿਰਾਂ ਇਸ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।