ਸਮਾਰਟ ਮੀਟਰ ਲਗਾਉਣ ਆਈ ਟੀਮ ਦਾ ਵਿਰੋਧ
ਗੁਰਮੀਤ ਖੋਸਲਾ
ਸ਼ਾਹਕੋਟ, 10 ਸਤੰਬਰ
ਪਿੰਡ ਮਲਸੀਆਂ ਵਿੱਚ ਜਬਰੀ ਚਿੱਪ ਵਾਲੇ ਮੀਟਰ ਲਗਾਉਣ ਆਈ ਪਾਵਰਕੌਮ ਦੀ ਐਨਫੋਰਸਮੈਂਟ ਟੀਮ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵਿਰੋਧ ਕੀਤਾ। ਟੀਮ ਨੂੰ ਬੇਰੰਗ ਮੋੜਨ ਉਪਰੰਤ ਮਜ਼ਦੂਰਾਂ ਅਤੇ ਕਿਸਾਨਾਂ ਨੇ ਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ ਤੋਂ ਲੈ ਕੇ ਪਾਵਰਕੌਮ ਦੇ ਦਫਤਰ ਤੱਕ ਮਾਰਚ ਕਰਕੇ ਦਫਤਰ ਵਿੱਚ ਕਰੀਬ ਇਕ ਘੰਟਾ ਦਫਤਰ ’ਚ ਧਰਨਾ ਦਿੱਤਾ। ਐਸ.ਡੀ.ਓ ਦੀ ਗੈਰ ਮੌਜੂਦਗੀ ’ਚ ਜੇ.ਈ ਰਾਮ ਲਾਲ ਅਤੇ ਗੁਰਪ੍ਰੀਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ, ਇਕਾਈ ਮਲਸੀਆਂ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਜੱਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਇਕਾਈ ਮਲਸੀਆਂ ਦੇ ਪ੍ਰਧਾਨ ਮਨਜੀਤ ਸਿੰਘ ਸਾਬੀ ਨੇ ਕਿਹਾ ਕਿ ਜਬਰੀ ਚਿੱਪ ਵਾਲੇ ਮੀਟਰ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਦੁਬਾਰਾ ਜਬਰੀ ਚਿੱਪ ਵਾਲੇ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।