ਉਗਰਾਹਾਂ ਜਥੇਬੰਦੀ ਦੀ ਖੁੱਲ੍ਹੀ ਕਾਨਫਰੰਸ ਦਾ ਵਿਰੋਧ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 14 ਫਰਵਰੀ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਕਾਰਕੁਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਸ਼ੇਰੋਂ ਵਿੱਚ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਖੁੱਲ੍ਹੀ ਕਾਨਫਰੰਸ ਦਾ ਕਿਸਾਨੀ ਝੰਡੇ ਦਿਖਾ ਕੇ ਵਿਰੋਧ ਕੀਤਾ। ਨੌਜਵਾਨ ਆਗੂਆਂ ਕੁਲਵਿੰਦਰ ਸਿੰਘ ਅਤੇ ਮੋਹਨਜੀਤ ਸਿੰਘ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਭਰ ਦੇ ਕਿਸਾਨ ਕੇਂਦਰ ਸਰਕਾਰ ਨਾਲ ਟੱਕਰ ਲਈ ਬੈਠੇ ਹਨ ਦੂਜੇ ਬੰਨੇ ਉਗਰਾਹਾਂ ਗਰੁੱਪ ਵੱਲੋਂ ਸਥਾਨਕ ਪੱਧਰ ’ਤੇ ਕਾਨਫਰੰਸਾਂ ਕਰ ਕੇ ਕਿਸਾਨਾਂ ਨੂੰ ਦੋਫਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਦੇ ਸੰਘਰਸ਼ਾਂ ਨੂੰ ਫਿਲਹਾਲ ਟਾਲਿਆ ਜਾਣਾ ਚਾਹੀਦਾ ਹੈ, ਹੁਣ ਸਮਾਂ ਸਮੁੱਚੇ ਕਿਸਾਨਾਂ ਦੇ ਇਕਜੁੱਟ ਹੋਣ ਦਾ ਹੈ। ਵੱਡੀ ਪੱਧਰ ’ਤੇ ਸੂਬੇ ਦੇ ਕਿਸਾਨ ਹਰਿਆਣਾ ਦੀਆਂ ਸਰਹੱਦਾਂ ’ਤੇ ਸਰਕਾਰੀ ਜਬਰ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਦੀਆਂ ਡਾਂਗਾਂ, ਅੱਥਰੂ ਗੈਸ ਦੇ ਗੋਲਿਆਂ, ਪਾਣੀ ਦੀਆਂ ਬੁਛਾੜਾਂ ਅਤੇ ਹੋਰ ਜਬਰ ਦਾ ਸਾਹਮਣਾ ਕਰ ਰਹੇ ਹਨ। ਇਸ ਮੁਸ਼ਕਿਲ ਦੀ ਘੜੀ ਵਿੱਚ ਸਥਾਨਕ ਪੱਧਰ ’ਤੇ ਕਾਨਫਰੰਸਾਂ ਕਰਨੀਆਂ ਉੱਚਿਤ ਨਹੀਂ ਹੈ ਸਗੋਂ ਹੋਰਨਾਂ ਜੱਥੇਬੰਦੀਆਂ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ੀ ਕਿਸਾਨਾਂ ਦਾ ਸਾਥ ਦੇਣ ਲਈ ਭਲਕੇ ਪਿੰਡ ਸ਼ੇਰੋਂ ਤੋਂ ਟਰਾਲੀਆਂ ਰਵਾਨਾ ਹੋਣਗੀਆਂ। ਇਸ ਮੌਕੇ ਕੁਲਵਿੰਦਰ ਸਿੰਘ, ਸਰਪੰਚ ਪ੍ਰਗਟ ਸਿੰਘ, ਮੋਹਨਜੀਤ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ ਘੀਲਾ, ਸ਼ਗਨਦੀਪ ਸਿੰਘ ਅਤੇ ਥੈਲਾ ਸਿੰਘ ਹਾਜ਼ਰ ਸਨ।