ਕਿਸਾਨ ਜਥੇਬੰਦੀ ਦੀ ਮੀਟਿੰਗ ਦਾ ਨੌਜਵਾਨ ਵੱਲੋਂ ਵਿਰੋਧ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 24 ਜੁਲਾਈ
ਪਿੰਡ ਪੁਰਾਣੀਆਂ ਬਾਗੜੀਆਂ ਦੇ ਗੁਰਦੁਆਰੇ ਵਿੱਚ ਕਿਸਾਨ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਮੀਟਿੰਗ ਦਾ ਪਿੰਡ ਦੇ ਇੱਕ ਨੌਜਵਾਨ ਵੱਲੋਂ ਵਿਰੋਧ ਕਰਨ ’ਤੇ ਵਿਵਾਦ ਹੋ ਗਿਆ ਹੈ। ਪਿੰਡ ਬਾਗੜੀਆਂ ਵਾਸੀ ਗੁਰਮੀਤ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਪਿੰਡ ਦੇ ਗੁਰਦੁਆਰੇ ਵਿੱਚ ਮੀਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਯੂਨੀਅਨ ਕਾਰਕੁਨਾਂ ਨੇ ਝੰਡੇ ਫੜੇ ਹੋਏ ਸਨ ਤੇ ਉਹ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਸ ਨੇ ਕਿਸਾਨ ਯੂਨੀਅਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਉਸ ਨੇ ਕਿਹਾ ਕਿ ਇਸ ਮਗਰੋਂ ਕਿਸਾਨ ਆਗੂਆਂ ਨੇ ਉਸ ਤੇ ਉਸ ਦੇ ਪਿਤਾ ਨਾਲ ਦੁਰਵਿਵਹਾਰ ਕੀਤਾ। ਇਸ ਦੀ ਸ਼ਿਕਾਇਤ ਥਾਣਾ ਭੈਣੀ ਮੀਆਂ ਖਾਂ ਵਿੱਚ ਕੀਤੀ ਗਈ ਹੈ।
ਦੂਜੇ ਪਾਸੇ, ਕਿਸਾਨ ਜਥੇਬੰਦੀ ਦੇ ਆਗੂ ਨਿਸ਼ਾਨ ਸਿੰਘ ਮੇੜ੍ਹੇ ਅਤੇ ਬਲਵਿੰਦਰ ਸਿੰਘ ਮੁਲਾਂਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਗੁਰਦੁਆਰੇ ਦੀ ਹਦੂਦ ਵਿੱਚ ਨਹੀਂ ਬਲਕਿ ਥੋੜ੍ਹੀ ਦੂਰ ਇੱਕ ਹਾਲ ਵਿੱਚ ਮੀਟਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਯੂਨੀਅਨ ਧਾਰਮਿਕ ਸਥਾਨਾਂ ਦੀ ਮਰਿਆਦਾ ਦਾ ਧਿਆਨ ਰੱਖ ਕੇ ਹੀ ਕੋਈ ਸਰਗਰਮੀ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਨੌਜਵਾਨ ਦੀ ਜਥੇਬੰਦੀ ਦੇ ਆਗੂ ਨਾਲ ਨਿੱਜੀ ਰੰਜਿਸ਼ ਹੈ। ਇਸ ਕਾਰਨ ਗੁਰਮੀਤ ਸਿੰਘ ਇਸ ਮੀਟਿੰਗ ਨੂੰ ਧਾਰਮਿਕ ਰੰਗਤ ਦੇ ਕੇ ਵਿਵਾਦ ਖੜ੍ਹਾ ਕਰਨਾ ਚਾਹੁੰਦਾ ਹੈ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਮਸਲੇ ਨੂੰ ਦੋਵਾਂ ਧਿਰਾਂ ਨਾਲ ਗੱਲ ਕਰ ਕੇ ਸੁਲਝਾ ਦਿੱਤਾ ਜਾਵੇਗਾ।