ਖਨੌਰੀ ਡਰੇਨ ਬੰਨ੍ਹ ਤੋਂ ਮਿੱਟੀ ਚੁੱਕਣ ਦਾ ਵਿਰੋਧ
ਹਰਜੀਤ ਸਿੰਘ
ਖਨੌਰੀ, 12 ਸਤੰਬਰ
ਸ਼ਹਿਰ ਦੇ ਨਾਲ ਦੀ ਖਹਿ ਕੇ ਜਾਂਦੀ ਡਰੇਨ ਦੇ ਬੰਨ੍ਹ ਉੱਤੋਂ ਨਗਰ ਪੰਚਾਇਤ ਖਨੌਰੀ ਵੱਲੋਂ ਮਿੱਟੀ ਚੁੱਕਣ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਕੰਮ ਬੰਦ ਕਰਵਾ ਦਿੱਤਾ। ਗਊਸ਼ਾਲਾ ਕਮੇਟੀ ਪ੍ਰਧਾਨ ਤਾਰਾ ਚੰਦ, ਜਰਨੈਲ ਸਿੰਘ, ਦਰਸ਼ਨ ਸਿੰਘ, ਕ੍ਰਿਸ਼ਨ ਸਿੰਘ ਗੁਰਨੇ, ਭੋਲਾ ਸਿੰਘ, ਕਰਮ ਸਿੰਘ, ਚਾਂਦੀ ਰਾਮ ਅਤੇ ਹਰੀ ਚੰਦ ਨੇ ਦੱਸਿਆ ਕਿ ਪਿਛਲੇ ਸਾਲ ਘੱਗਰ ਦੇ ਪਾਣੀ ਨਾਲ ਡਰੇਨ ਦਾ ਪਾਣੀ ਓਵਰਫਲੋਅ ਹੋਣ ਕਰਕੇ ਬੰਨ੍ਹ ਉੱਤੋਂ ਪਾਣੀ ਲੰਘਣ ਦਾ ਖ਼ਤਰਾ ਬਣ ਗਿਆ ਸੀ, ਜਿਸ ਨੂੰ ਮੌਕੇ ’ਤੇ ਪਿੰਡ ਵਾਸੀਆਂ ਨੇ ਆਪਣੇ ਖ਼ਰਚੇ ਉੱਤੇ ਮਿੱਟੀ ਪਾ ਕੇ ਬੰਨ੍ਹ ਉੱਚਾ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਸੀ ਕਿ ਇਸ ਬੰਨ੍ਹ ਨੂੰ ਹੋਰ ਚੌੜਾ ਕਰਕੇ ਇਸ ’ਤੇ ਸੜਕ ਬਣਾਈ ਜਾਵੇਗੀ ਪਰ ਸਰਕਾਰ ਨੇ ਇਸ ਬੰਨ੍ਹ ਨੂੰ ਮਜ਼ਬੂਤ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਪਾਈ ਗਈ ਮਿੱਟੀ ਨੂੰ ਚੁੱਕ ਕੇ ਸਾਈਡਾਂ ’ਤੇ ਪਾ ਦਿੱਤਾ ਗਿਆ ਹੈ, ਜਿਸ ਨਾਲ ਬੰਨ੍ਹ ਨੀਵਾਂ ਹੋ ਗਿਆ ਹੈ। ਪਿੰਡ ਅਤੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਇਸ ਬੰਨ੍ਹ ’ਤੇ ਮਿੱਟੀ ਪਾ ਕੇ ਪੱਕਾ ਕੀਤਾ ਜਾਵੇ ਤਾਂ ਜੋ ਆਏ ਦਿਨ ਘੱਗਰ ਦਰਿਆ ਵਿੱਚ ਆਉਂਦੇ ਪਾਣੀ ਨਾਲ ਖਨੌਰੀ ਸ਼ਹਿਰ ਦਾ ਕਿਸੇ ਅਣਹੋਣੀ ਘਟਨਾ ਤੋਂ ਬਚਾਅ ਹੋ ਸਕੇ।
ਲੋਕਾਂ ਦੀ ਮੰਗ ’ਤੇ ਮਿੱਟੀ ਨੂੰ ਪੱਧਰਾ ਕੀਤਾ: ਕਾਰਜਸਾਧਕ ਅਫ਼ਸਰ
ਇਸ ਸਬੰਧੀ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਬੰਨ੍ਹ ਉੱਤੋਂ ਕੋਈ ਮਿੱਟੀ ਨਹੀਂ ਚੁੱਕੀ ਗਈ। ਇਸ ਬੰਨ੍ਹ ’ਤੇ ਮਿੱਟੀ ਖੁਰਨ ਨਾਲ ਡੂੰਘੇ ਟੋਏ ਹੋ ਗਏ ਸੀ ਜੋ ਆਮ ਲੋਕਾਂ ਦੀ ਮੰਗ ਉੱਤੇ ਹੀ ਸਿਰਫ਼ ਇਸ ਮਿੱਟੀ ਨੂੰ ਪੱਧਰਾ ਕੀਤਾ ਗਿਆ ਹੈ।