ਪਰਾਲੀ ਸਾੜਨ ਦੇ ਮਾਮਲਿਆਂ ਸਬੰਧੀ ਬਿਜਲੀ ਕਾਮਿਆਂ ਦੀਆਂ ਡਿਊਟੀਆਂ ਲਗਾਉਣ ਦਾ ਵਿਰੋਧ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 14 ਅਕਤੂਬਰ
ਬਿਜਲੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ’ਤੇ ਅਧਾਰਿਤ ਬਣੇ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾਂ ਮੰਚ ਪੰਜਾਬ ਦੇ ਸੂਬਾ-ਪੱਧਰੀ ਫੈਸਲੇ ਅਨੁਸਾਰ ਮੁਲਾਜ਼ਮ ਆਗੂਆਂ ਦੇ ਵਫ਼ਦ ਨੇ ਅੱਜ ਸੂਬਾ ਆਗੂ ਕੁਲਵਿੰਦਰ ਸਿੰਘ ਢਿੱਲੋਂ ਤੇ ਗੁਰਧੀਰ ਸਿੰਘ ਸਰਾਓ ਦੀ ਅਗਵਾਈ ਹੇਠ ਪਾਵਰਕੌਮ ਦੇ ਵਧੀਕ ਨਿਗਰਾਨ ਇੰਜਨੀਅਰ ਦਿੜ੍ਹਬਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਖ਼ਿਲਾਫ਼ ਧੱਕੇ ਨਾਲ ਬਿਜਲੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਵਿਰੁੱਧ ਰੋਸ ਪੱਤਰ ਦੇ ਕੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਵਿਭਾਗ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਹੋਣ ਕਾਰਨ ਬਿਜਲੀ ਕਰਮਚਾਰੀਆਂ ’ਤੇ ਪਹਿਲਾਂ ਹੀ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਬਿਜਲੀ ਸਪਲਾਈ ਨੂੰ 24 ਘੰਟੇ ਬਹਾਲ ਰੱਖਣਾ ਅਤਿ ਜ਼ਰੂਰੀ ਹੋਣ ਕਰਕੇ ਕਰਮਚਾਰੀਆਂ ਨੂੰ ਪਹਿਲਾਂ ਹੀ ਕਿਰਤ ਕਾਨੂੰਨਾਂ ਤੋਂ ਉਲਟ ਵੱਧ ਡਿਊਟੀਆਂ ਕਰਨੀਆਂ ਪੈ ਰਹੀਆਂ ਹਨ। ਹੁਣ ਵਿਭਾਗ ਦੇ ਕੰਮ ਤੋਂ ਇਲਾਵਾ ਹੋਰ ਵਾਧੂ ਡਿਊਟੀਆਂ ’ਤੇ ਲਗਾਉਣ ਨਾਲ ਕਰਮਚਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖੱਜਲ-ਖੁਆਰ ਕੀਤਾ ਜਾ ਰਿਹਾ। ਇਸ ਨੂੰ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਆਗੂਆਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਕਰਮਚਾਰੀ ਨੂੰ ਪਰੇਸ਼ਾਨ ਕਰਨ ਦੀ ਕੋਸਿਸ਼ ਕੀਤੀ ਗਈ ਤਾਂ ਇਸ ਧੱਕੇਸ਼ਾਹੀ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਵਫਦ ਵਿੱਚ ਮੁਲਜ਼ਮ ਆਗੂ ਮਨਪ੍ਰੀਤ ਸਿੰਘ, ਹਰਦੀਪ ਸਿੰਘ, ਪਵਨ ਕੁਮਾਰ, ਹਰਦੀਪ ਸਿੰਘ, ਹਰਦੀਪ ਸਿੰਘ ਕੈਸ਼ੀਅਰ ਹਾਜ਼ਰ ਸਨ।