ਗੈਸ ਏਜੰਸੀ ਦੇ ਕਰਿੰਦੇ ਵੱਲੋਂ ਕੀਤੀ ਨਾਜਾਇਜ਼ ਵਸੂਲੀ ਦਾ ਵਿਰੋਧ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 11 ਜੂਨ
ਘਰੇਲੂ ਗੈਸ ਦੀ ਲਾਜ਼ਮੀ ਜਾਂਚ ਲਈ ਬਿਨਾਂ ਰਸੀਦ ਦੇ 236 ਰੁਪਏ ਪ੍ਰਤੀ ਕੁਨੈਕਸ਼ਨ ਵਸੂਲਣ ਨਾਲ ਗੈਸ ਏਜੰਸੀ ਦਾ ਕੰਮ ਵਿਵਾਦਾਂ ਵਿੱਚ ਘਿਰ ਗਿਆ ਹੈ। ਮਾਮਲਾ ਏਕਤਾ ਨਗਰੀ ਦੀ ਗਲੀ ਨੰਬਰ-6 ਵਿੱਚੋਂ ਸਾਹਮਣੇ ਆਇਆ ਹੈ। ਪੀੜਤਾਂ ਨੇ ਰੁਪਏ ਲੈ ਕੇ ਰਸੀਦ ਨਾ ਦੇਣ ‘ਤੇ ਏਜੰਸੀ ਦੇ ਮੌਜੂਦਾ ਡਿਲੀਵਰੀ ਮੈਨ ਤੇ ਸਾਬਕਾ ਮੁਲਾਜ਼ਮ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।
ਸਿਟੀ ਥਾਣੇ ਵਿੱਚ ਕੁਨੈਕਸ਼ਨ ਧਾਰਕਾਂ ਓਮ ਪ੍ਰਕਾਸ਼, ਰਾਜ ਕੁਮਾਰ, ਰਾਧੇ ਸ਼ਿਆਮ, ਮਦਨ ਲਾਲ, ਅਨਮੋਲ, ਭੂਸ਼ਣ ਕੁਮਾਰ, ਰਾਜਿੰਦਰ ਕੁਮਾਰ, ਅਮਿਤ ਰਾਮ ਅਤੇ ਸ਼ਾਂਤੀ ਦੇਵੀ ਨੇ ਦੱਸਿਆ ਕਿ ਸਥਾਨਕ ਇੰਡੇਨ ਗੈਸ ਏਜੰਸੀ ਦੇ ਡਿਲੀਵਰੀ ਮੈਨ ਧਰਮਿੰਦਰ ਨਾਲ ਆਏ ਨੌਜਵਾਨ ਦੀਪਕ ਨੇ ਗੈਸ ਕੰਪਨੀ ਦੇ ਨਿਯਮਾਂ ਮੁਤਾਬਕ ਲਾਜ਼ਮੀ ਪੜਤਾਲ ਲਈ 236 ਰੁਪਏ ਵਸੂਲੇ ਸਨ। ਕਾਪੀ ‘ਤੇ ਪੜਤਾਲ ਦੀ ਮੋਹਰ ਵੀ ਲਗਾਹੀ ਸੀ ਪਰ ਵਾਰ-ਵਾਰ ਮੰਗਣ ‘ਤੇ ਅੱਜ ਤੱਕ ਰਸੀਦ ਨਹੀਂ ਦਿੱਤੀ ਗਈ। ਪੀੜਤਾਂ ਮੁਤਾਬਕ ਕਰੀਬ 30-35 ਘਰਾਂ ਤੋਂ 236 ਰੁਪਏ ਪ੍ਰਤੀ ਗੈਸ ਕੁਨੈਕਸ਼ਨ ਵਸੂਲੇ ਗਏ ਹਨ। ਪੀੜਤ ਘਨ੍ਹੱਈਆ ਨੇ ਕਿਹਾ ਕਿ ਉਸ ਨੇ ਦੀਪਕ ਵੱਲੋਂ ਦਿੱਤੇ ਬਾਰ ਕੋਡ ‘ਤੇ ਗੈਸ ਏਜੰਸੀ ਖਾਤੇ ‘ਚ 236 ਰੁਪਏ ਪੇਟੀਐਮ ਕੀਤੇ ਸਨ।
ਮਾਮਲਾ ਉਦੋਂ ਹੋਰ ਸ਼ੱਕੀ ਹੋ ਗਿਆ ਜਦੋਂ ਦੀਪਕ ਕੁਮਾਰ ਨੇ ਥਾਣੇ ‘ਚ ਆਖਿਆ ਕਿ ਉਸ ਨੇ ਏਜੰਸੀ ਮੈਨੇਜਰ ਨੂੰ ਇਕੱਤਰ ਕੀਤੀ ਰਕਮ ਦੋ ਵਾਰ ਦਿੱਤੀ ਹੈ, ਪਰ ਉਸ ਨੇ ਰਸੀਦਾਂ ਨਹੀਂ ਦਿੱਤੀਆਂ। ਦੂਜੇ ਪਾਸੇ, ਮੈਨੇਜਰ ਸੁਨੀਲ ਨੇ ਕਿਹਾ ਕਿ ਦੀਪਕ ਦੀਆਂ ਸ਼ਿਕਾਇਤਾਂ ਆਉਣ ‘ਤੇ ਉਸ ਨੂੰ 22 ਮਈ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।
ਗੈਸ ਏਜੰਸੀ ਦੇ ਸੰਚਾਰਕ ਐਸਐਸ ਸੰਭਰਵਾਲ ਨੇ ਇਸ ਵਸੂਲੀ ਨਾਲ ਕੋਈ ਸਬੰਧ ਹੋਣ ਤੋਂ ਕੋਰੀ ਨਾਂਹ ਕੀਤੀ ਹੈ। ਲੋਕਾਂ ਵੱਲੋਂ ਸੂਚਨਾ ‘ਤੇ ਉਨ੍ਹਾਂ ਖ਼ੁਦ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।
ਥਾਣਾ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਸ਼ਿਕਾਇਤ ‘ਤੇ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।