ਧੌਲਾ ਵਿੱਚ ਸੈਂਪਲ ਭਰਨ ਆਈ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ
ਪੱਤਰ ਪ੍ਰੇਰਕ
ਰੂੜੇਕੇ ਕਲਾਂ, 27 ਅਕਤੂਬਰ
ਪਿੰਡ ਧੌਲਾ ਵਿੱਚ ਸੈਂਪਲ ਭਾਰਨ ਆਈ ਸਿਹਤ ਵਿਭਾਗ ਦੀ ਟੀਮ ਦਾ ਦੁਕਾਨਦਾਰਾਂ ਤੇ ਲੋਕਾਂ ਨੇ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਟੀਮ ਦੀ ਸ਼ਿਕਾਇਤ ’ਤੇ ਪੁੱਜੀ ਪੁਲੀਸ ਪਾਰਟੀ ਦਾ ਵੀ ਲੋਕਾਂ ਨੇ ਘਿਰਾਓ ਕਰ ਲਿਆ, ਜਿਸ ਨਾਲ ਸਥਿਤੀ ਤਣਾਅਪੂਰਨ ਬਣ ਗਈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਜਦੋਂ ਧੌਲਾ ਪਿੰਡ ਦੀਆਂ ਦੁਕਾਨਾਂ ’ਤੇ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿੱਚ ਸੈਂਪਲ ਭਰਨ ਲੱਗੀ ਤਾਂ ਦੁਕਾਨਦਾਰਾਂ ਤੇ ਇਕੱਤਰ ਹੋਏ ਲੋਕਾਂ ਨੇ ਟੀਮ ਤੋਂ ਭਰੇ ਹੋਏ ਸੈਂਪਲ ਰਖਵਾ ਲਏ ਅਤੇ ਕਾਫੀ ਸਮਾਂ ਦੋਵਾਂ ਧਿਰਾਂ ਵਿੱਚ ਬਹਿਸ ਹੁੰਦੀ ਰਹੀ। ਉਪਰੰਤ ਇਸ ਦੀ ਸ਼ਿਕਾਇਤ ਸਿਹਤ ਵਿਭਾਗ ਦੀ ਟੀਮ ਨੇ ਥਾਣਾ ਰੂੜੇਕੇ ਕਲਾਂ ਵਿੱਚ ਕਰ ਦਿੱਤੀ। ਜਦੋਂ ਥਾਣਾ ਰੂੜੇਕੇ ਕਲਾਂ ਦੀ ਪੁਲੀਸ ਉਕਤ ਦੁਕਾਨਦਾਰਾਂ ਨੂੰ ਫੜਨ ਆਈ ਤੇ ਨਾਲ ਲੈ ਕੇ ਜਾਣ ਲੱਗੀ ਤਾਂ ਲੋਕਾਂ ਨੇ ਪੁਲੀਸ ਪਾਰਟੀ ਨੂੰ ਵੀ ਨਾ ਜਾਣ ਦਿੱਤਾ। ਪੁਲੀਸ ਪਾਰਟੀ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਤਾਂ ਡੀਐੱਸਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਪੁੱਜੀ। ਕਾਫੀ ਕਸ਼ਮਕਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਨੂੰ ਲਿਜਾਇਆ ਗਿਆ। ਇਸ ਸਬੰਧੀ ਡੀਐੱਚਓ ਬਰਨਾਲਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫਸਰ ਜਗਜੀਤ ਸਿੰਘ ਘੁਮਾਣ ਨੇ ਕਿਹਾ ਕਿ ਕੁਝ ਵਿਅਕਤੀਆਂ ’ਤੇ ਐੱੱਫਆਈਆਰ ਦਰਜ ਕੀਤੀ ਗਈ ਹੈ ਤੇ ਅਗਲੇਰੀ ਕਾਰਵਾਈ ਜਲਦੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।