For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹੇ ਵਿੱਚ ਲੱਗ ਰਹੀਆਂ ਗੈਸ ਫੈਕਟਰੀਆਂ ਦਾ ਵਿਰੋਧ

10:04 AM May 07, 2024 IST
ਜ਼ਿਲ੍ਹੇ ਵਿੱਚ ਲੱਗ ਰਹੀਆਂ ਗੈਸ ਫੈਕਟਰੀਆਂ ਦਾ ਵਿਰੋਧ
ਪਿੰਡ ਅਖਾੜਾ ਵਿੱਚ ਗੈਸ ਫੈਕਟਰੀ ਖ਼ਿਲਾਫ਼ ਧਰਨੇ ’ਤੇ ਡਟੇ ਕਿਸਾਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਮਈ
ਬਾਇਓ ਗੈਸ ਫੈਕਟਰੀ ਖ਼ਿਲਾਫ਼ ਨੇੜਲੇ ਪਿੰਡ ਅਖਾੜਾ ਅਤੇ ਬੇਟ ਇਲਾਕੇ ਦੇ ਪਿੰਡ ਭੂੰਦੜੀ ’ਚ ਲੱਗੇ ਪੱਕੇ ਮੋਰਚੇ ਜਾਰੀ ਹਨ। ਪਿੰਡ ਅਖਾੜਾ ਵਿੱਚ ਗੈਸ ਫੈਕਟਰੀ ਖ਼ਿਲਾਫ਼ ਸੰਘਰਸ਼ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ, ਜਿਸ ’ਚ ਪਿੰਡ ਵਾਸੀਆਂ ਨੇ ਭਰਵੀਂ ਗਿਣਤੀ ’ਚ ਹਿੱਸਾ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਸਿੰਘ ਧਾਲੀਵਾਲ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਵਾਤਾਵਰਣ ਸਮੇਤ ਪਾਣੀ ਤੇ ਧਰਤੀ ਪਲੀਤ ਕਰਨ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੀਵਨ ਬਚਾਉਣ ਲਈ ਇਹ ਵੀ ਬੁਨਿਆਦੀ ਮੁੱਦਾ ਹੈ।
ਸੰਸਾਰ ਸਿਹਤ ਸੰਸਥਾ ਦੀ ਰਿਪੋਰਟ ਮੁਤਾਬਕ ਹਰ ਇਕ ਮਿੰਟ ’ਚ ਚਾਰ ਵਿਅਕਤੀ ਪ੍ਰਦੂਸ਼ਣ ਕਾਰਨ ਸੰਸਾਰ ਭਰ ’ਚ ਮਰ ਰਹੇ ਹਨ। ਕਾਰਬਨ ਦੀ ਮਾਤਰਾ ਦੁਨੀਆ ਭਰ ’ਚ ਵੱਧਦੇ ਜਾਣ ਕਾਰਨ ਆਉਂਦੇ ਸਮੇਂ ’ਚ ਸੰਸਾਰ ਭਰ ’ਚ ਮੌਸਮ ’ਚ ਵੱਡੀ ਤਬਦੀਲੀ ਆਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਲੁਧਿਆਣਾ ਜ਼ਿਲ੍ਹੇ ’ਚ ਅੱਧੀ ਦਰਜਨ ਦੇ ਕਰੀਬ ਗੈਸ ਫੈਕਟਰੀਆਂ ਦਾ ਮਸਲਾ ਹੱਲ ਕਰਾਉਣ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜੇ ਤੱਕ ਐੱਸਡੀਐੱਮ ਨੇ ਵੀ ਇਸ ਮਾਮਲੇ ਦਾ ਨੋਟਿਸ ਨਹੀਂ ਲਿਆ। ਇਕਾਈ ਪ੍ਰਧਾਨ ਗੁਰਤੇਜ ਸਿੰਘ ਨੇ ਕਿਹਾ ਕਿ ਪਿੰਡ ਅਖਾੜਾ ਦੇ ਇਕ ਹੋਰ ਕਿਸਾਨ ਜਥੇਬੰਦੀ ਨਾਲ ਜੁੜੇ ਕਾਰਕੁਨ ਅੱਜ ਬੀਕੇਯੂ (ਡਕੌਂਦਾ) ’ਚ ਸ਼ਾਮਲ ਹੋਏ ਹਨ। ਇਸ ਸਮੇਂ ਗੁਰਤੇਜ ਸਿੰਘ ਸਰਾਂ ਨੂੰ ਇਕਾਈ ਪ੍ਰਧਾਨ, ਹਰਦੇਵ ਸਿੰਘ ਨੂੰ ਸਕੱਤਰ, ਜਗਦੇਵ ਸਿੰਘ ਨੂੰ ਖਜ਼ਾਨਚੀ, ਪਾਲਾ ਸਿੰਘ ਤੇ ਸੇਵਾ ਸਿੰਘ ਨੂੰ ਇਕਾਈ ਦੀ ਕਮੇਟੀ ਦਾ ਮੈਂਬਰ ਚੁਣਿਆ ਗਿਆ। ਧਰਨੇ ’ਚ ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਇਸ ਪ੍ਰਵਾਨਗੀ ਦਿੱਤੀ।
ਇਸ ਸਮੇਂ ਹਾਜ਼ਰ ਲੋਕਾਂ ਨੇ ਸਾਰੀਆਂ ਗੈਸ ਫੈਕਟਰੀਆਂ ਖ਼ਿਲਾਫ਼ ਚੱਲ ਰਹੇ ਮੋਰਚਿਆਂ ਨੂੰ ਇਕਜੁੱਟ ਕਰਨ ਦਾ ਐਲਾਨ ਵੀ ਕੀਤਾ।
ਦੂਜੇ ਪਾਸੇ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਵਲੋਂ ਪਿੰਡ ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਲਾਏ ਪੱਕੇ ਮੋਰਚੇ ਦੇ ਅੱਜ 40 ਦਿਨ ਪੂਰੇ ਹੋ ਗਏ।
ਧਰਨੇ ਨੂੰ ਅੱਜ ਡਾ. ਸੁਖਦੇਵ ਭੂੰਦੜੀ, ਜਗਤਾਰ ਸਿੰਘ ਮਾੜਾ, ਜਸਵਿੰਦਰ ਸਿੰਘ ਰਾਜੂ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਮਨਜਿੰਦਰ ਸਿੰਘ ਮੋਨੀ, ਗੁਰਮੇਲ ਸਿੰਘ ਸਨੇਤ, ਜਗਰਾਜ ਸਿੰਘ ਦਿਉਲ, ਕੋਮਲਪ੍ਰੀਤ ਸਿੰਘ, ਬਾਬਾ ਸੁੱਚਾ ਸਿੰਘ, ਭਿੰਦਰ ਸਿੰਘ ਭਿੰਦੀ ਨੇ ਸੰਬੋਧਨ ਕੀਤਾ। ਧਰਨੇ ਨੂੰ ਹੋਰ ਮਜ਼ਬੂਤ ਕਰਨ ਲਈ ਮੁਹੱਲਿਆ ’ਚ ਮਜ਼ਦੂਰਾਂ ਕਿਰਤੀਆਂ ਦੀਆ ਮੀਟਿੰਗਾ ਕੀਤੀਆਂ ਗਈਆਂ।
ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਇਹ ਪ੍ਰਦੂਸ਼ਿਤ ਗੈਸ ਫੈਕਟਰੀ ਪੱਕੇ ਤੌਰ ’ਤੇ ਬੰਦ ਨਹੀਂ ਹੁੰਦੀ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Advertisement

ਘੁੰਗਰਾਲੀ ਵਾਸੀਆਂ ਵੱਲੋਂ ਸਿਆਸੀ ਆਗੂਆਂ ਦੇ ਵਿਰੋਧ ਦਾ ਐਲਾਨ

ਖੰਨਾ (ਜੋਗਿੰਦਰ ਸਿੰਘ ਓਬਰਾਏ): ਇੱਥੋਂ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਨਜ਼ਦੀਕ ਬੀਜਾ ਰੋਡ ’ਤੇ ਬਣੀ ਬਾਇਓ ਗੈਸ ਫੈਕਟਰੀ ਅੱਗੇ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਲਗਾਇਆ ਪੱਕਾ ਮੋਰਚਾ ਜਾਰੀ ਹੈ। ਅੱਜ ਵਿੱਚ ਧਰਨੇ ਵਿੱਚ ਲੋਕਾਂ ਨੇ ਕਿਹਾ ਕਿ ਫੈਕਟਰੀ ’ਚੋਂ ਬਦਬੂ ਆਉਣ ਕਾਰਨ ਇਲਾਕੇ ਦੇ 10-12 ਪਿੰਡਾਂ ਦੇ ਵਸਨੀਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਫੈਕਟਰੀ ਕਾਰਨ ਆਲੇ ਦੁਆਲੇ ਦੇ ਪਿੰਡਾਂ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ ਕਰਮਜੀਤ ਸਿੰਘ ਸਹੋਤਾ ਨੇ ਕਿਹਾ ਕਿ ਫੈਕਟਰੀ ਨੂੰ ਜਿੰਦਰਾ ਲੱਗਣ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ, ਜਿਸ ਦੇ ਅੱਜ ਦੂਜੇ ਬੀਬੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈਆਂ। ਉਨ੍ਹਾਂ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ 4-5 ਮਹੀਨੇ ਬੀਤਣ ’ਤੇ ਬਾਵਜੂਦ ਕੋਈ ਸਿਆਸੀ ਆਗੂ ਜਾਂ ਅਧਿਕਾਰੀ ਸਾਰ ਲੈਣ ਨਹੀਂ ਆਇਆ ਅਤੇ ਨਾ ਹੀ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਗਿਆ। ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ਵਿਚ ਕਿਸੇ ਵੀ ਸਿਆਸੀ ਧਿਰ ਦੇ ਬੂਥ ਨਹੀਂ ਲੱਗਣਗੇ ਅਤੇ ਰਾਜਨੀਤਕ ਦਲਾਂ ਦਾ ਵੋਟਾਂ ਮੰਗਣ ਸਮੇਂ ਡਟ ਕੇ ਵਿਰੋਧ ਕੀਤਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×